ਵਿਸ਼ੇਸ਼ ਜਰੂਰਤਾਂ ਵਾਲੇ 60 ਬੱਚਿਆਂ ਦੇ ਆਈਕਿਊ ਚੈਕਅੱਪ ਉਪਰੰਤ ਸਰਟੀਫਿਕੇਟ ਜਾਰੀ ਕੀਤੇ: ਜ਼ਿਲ੍ਹਾ ਸਪੈਸ਼ਲ ਐਜੂਕੇਟਰ ਜਸਬੀਰ ਕੌਰ

District Special Educator Jasbir Kaur
ਵਿਸ਼ੇਸ਼ ਜਰੂਰਤਾਂ ਵਾਲੇ 60 ਬੱਚਿਆਂ ਦੇ ਆਈਕਿਊ ਚੈਕਅੱਪ ਉਪਰੰਤ ਸਰਟੀਫਿਕੇਟ ਜਾਰੀ ਕੀਤੇ: ਜ਼ਿਲ੍ਹਾ ਸਪੈਸ਼ਲ ਐਜੂਕੇਟਰ ਜਸਬੀਰ ਕੌਰ
ਰੂਪਨਗਰ, 27 ਅਪ੍ਰੈਲ 2022
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਜਸਬੀਰ ਕੌਰ ਨੇ ਦੱਸਿਆ ਗੌਰਮਿੰਟ ਰੀਹੈਬਲੀਟੇਸ਼ਨ ਇੰਸਟੀਚਿਊਟ ਆਫ ਇੰਟਲੈਕਚੂਅਲ ਡਿਸੀਬਿਲਟੀ, ਸੈਕਟਰ 31 ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਪੜ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਆਈਕਿਊ ਚੈਕਅੱਪ ਕਰਵਾਉਣ ਲਈ ਕੈਂਪ ਲਗਾਇਆ ਗਿਆ। ਜਿਸ ਵਿੱਚ ਸੱਤਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਅਤੇ ਇਸ ਚੈੱਕਅੱਪ ਤੋਂ ਬਾਅਦ ਸੱਠ੍ਹ ਬੱਚਿਆਂ ਦੇ ਕਰੀਬ ਸਰਟੀਫਿਕੇਟ ਬਣਾਏ ਗਏ।
ਸ਼੍ਰੀਮਤੀ ਜਸਬੀਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਹਦਾਇਤ ‘ਤੇ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਬੌਧਿਕ ਦਿਵਿਆਂਗਜਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਵਿਆਂਗ ਬੱਚਿਆਂ ਲਈ ਇਹ ਸਰਟੀਫਿਕੇਟ ਬਹੁਤ ਮਹੱਤਵਪੂਰਨ ਹਨ ਜਿਸ ਦੁਆਰਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਮਹੀਨਾਵਾਰ ਪੈਨਸ਼ਨ ਲਗਾਈ ਜਾਂਦੀ ਹੈ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਰਟੀਫਿਕੇਟਾਂ ਦੁਆਰਾ ਦਿਵਿਆਂਗ ਬੱਚੇ ਜੋ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਹਨ ਉਨ੍ਹਾਂ ਨੂੰ ਸਲਾਨਾ 2500 ਰੁਪਏ ਅਤੇ ਨੌਵੀਂ ਤੋਂ ਬਾਰਵੀ ਦੇ ਵਿਦਿਆਰਥੀਆਂ ਨੂੰ 3500 ਰੁਪਏ ਸਲਾਨਾ ਵਜੀਫੇ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦਿਵਿਆਂਗ ਬੱਚਿਆਂ ਨੂੰ ਬੱਸ ਅਤੇ ਟ੍ਰੇਨ ਦੇ ਮੁਫਤ ਸਫਰ ਲਈ ਪਾਸ ਵੀ ਜਾਰੀ ਕੀਤੇ ਜਾਂਦੇ ਹਨ ਜਦਕਿ ਜਿਨ੍ਹਾਂ ਦਿਵਿਆਂਗ ਬੱਚਿਆਂ ਨੂੰ ਸੌ ਫੀਸਦ ਦਿਖਾਈ ਨਹੀਂ ਦਿੰਦਾ ਉਨ੍ਹਾਂ ਬੱਚਿਆਂ ਦੇ ਮਾਂ-ਬਾਪ ਵਿੱਚੋਂ ਕਿਸੇ ਇੱਕ ਨੂੰ ਨਾਲ ਮੁਫਤ ਸਫਰ ਕਰਨ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿਵਿਆਂਗ ਬੱਚਿਆਂ ਦੇ ਉੱਚੇਰੀ ਸਿੱਖਿਆ ਅਤੇ ਨੌਕਰੀ ਲਈ ਵੀ ਰਾਖਵਾਂਕਰਨ ਦਿੱਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਕੀਤਾ ਜਾ ਸਕੇ।
ਟੀਚਿੰਗ ਸਬੰਧੀ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬਲਾਕ ਪੱਧਰ ‘ਤੇ ਵੀ ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰ ਕੰਮ ਕਰ ਰਹੇ ਹਨ ਜਿਨ੍ਹਾਂ ਕੋਲ ਇੱਕ ਜਾਂ ਇੱਕ ਤੋਂ ਵੱਧ ਰਿਸੋਰਸ ਰੂਮ ਹਨ ਜਿੱਥੇ ਉਹ ਦਿਵਿਆਂਗ ਬੱਚੇ ਦੇ ਮੈਂਟਲ ਲੈਵਲ ਦੇ ਅਨੁਸਾਰ 3 ਮਹੀਨੇ ਦਾ ਗੋਲ ਤਿਆਰ ਕਰਦੇ ਹਨ। ਜੇਕਰ ਬੱਚਾ ਗੋਲ ਕਵਰ ਕਰ ਲੈਂਦਾ ਹੈ ਤਾਂ ਰਿਸੋਰਸ ਟੀਚਰ ਦੁਆਰਾ ਬੱਚੇ ਨੂੰ ਅਬਜ਼ਰਵ ਕਰਕੇ ਅਗਲਾ ਟੀਚਾ ਦਿੱਤਾ ਜਾਂਦਾ ਹੈ।
ਸ਼੍ਰੀਮਤੀ ਜਸਬੀਰ ਕੌਰ ਨੇ ਦੱਸਿਆ ਕਿ ਰਿਸੋਰਸ ਰੂਮ ਵਿੱਚ ਫੀਜ਼ਿਊਥਰੈਪੀ ਕੈਂਪ ਲਗਾਏ ਜਾਂਦੇ ਹਨ ਅਤੇ ਲੋੜ ਅਨੁਸਾਰ ਸ਼ਰੀਰਕ ਪੱਖੋਂ ਕਮਜ਼ੋਰ ਬੱਚਿਆਂ ਦੀ ਫੀਜ਼ਿਊਥਰੈਪੀ ਕੀਤੀ ਜਾਂਦੀ ਹੈ।
ਇਸ ਕੈਂਪ ਨੂੰ ਸਹਿਯੋਗ ਦੇਣ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸ. ਜਰਨੈਲ ਸਿੰਘ ਅਤੇ ਵੱਖ-ਵੱਖ ਬਲਾਕਾਂ ਤੋਂ ਹਾਜ਼ਰ ਅਧਿਆਪਕ ਸ਼੍ਰੀਮਤੀ ਗੁਰਤੇਜ ਕੌਰ, ਸੰਤੋਸ਼ ਕੁਮਾਰ ਨੰਗਲ, ਸ਼੍ਰੀਮਤੀ ਰਪਿੰਦਰ ਕੌਰ, ਰਾਮਦਾਸ ਨੂਰਪੁਰਬੇਦੀ, ਨੀਰਜ ਕਟੋਚ, ਵੰਦਨਾ ਵੋਹਰਾ ਰੋਪੜ, ਕਮਾਰੀ ਸੰਧਿਆ, ਸੋਨਿਕਾ ਦੱਤਾ ਚਮਕੌਰ ਸਾਹਿਬ, ਕੁਮਾਰੀ ਅਨਾਇਤਾ ਮੋਰਿੰਡਾ, ਗੁਰਮੀਤ ਕੌਰ ਅਤੇ ਸਮੂਹ ਸਟਾਫ ਗੌਰਮਿੰਟ ਰੀਹੈਬਲੀਟੇਸ਼ਨ ਇੰਸਟੀਚਿਊਟ ਆਫ ਇੰਟਲੈਕਚੂਅਲ ਡਿਸੀਬਿਲਟੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।