ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼

Chandigarh Music & Film Festival kicks off at Chandigarh University, Gharuan
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼
ਪੰਜਾਬ ਦਾ ਵਿਰਸਾ ਬੜਾ ਅਮੀਰ: ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਮਾਧਿਅਮ ਬਣ ਸਕਦੀਆਂ ਨੇ ਫ਼ਿਲਮਾਂ: ਪੰਜਾਬ ਵਿਧਾਨ ਸਭਾ ਸਪੀਕਰ
ਪਹਿਲੇ ਦਿਨ ਸੌਰਭ ਸ਼ੁਕਲਾ, ਪ੍ਰੀਤੀ ਸ਼ਪਰੂ, ਅਭਿਸੇਕ ਦੁਧਈਆ ਸਮੇਤ ਪ੍ਰਮੁੱਖ ਹਸਤੀਆਂ ਵਿਦਿਆਰਥੀਆਂ ਦੇ ਹੋਈਆਂ ਰੂਬਰੂ
ਐਸ.ਏ.ਐਸ.ਨਗਰ 21 ਅਪ੍ਰੈਲ 2022

ਬਿਹਤਰੀਨ ਸਿਨੇਮਾ ਅਤੇ ਸਿਨੇਮਾ ਉਦਯੋਗ ਵਿੱਚ ਮੌਜੂਦਾ ਰੁਝਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ। ਫ਼ਿਲਮ ਫੈਸਟੀਵਲ ਦੇ ਉਦਘਾਟਨੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਹੋਰ ਪੜ੍ਹੋ :-ਪੰਜਾਬ ਦੇ ਹੱਕਾਂ ਲਈ ‘ਆਪ’ ਦੀ ਸਰਕਾਰ ਅਤੇ ਸਮੁੱਚੀ ਲੀਡਰਸ਼ਿਪ ਹਰ ਕੁਰਬਾਨੀ ਦੇਵੇਗੀ: ਡਾ. ਸੰਨੀ ਸਿੰਘ ਆਹਲੂਵਾਲੀਆ

ਇਸ ਦੌਰਾਨ ਅਖਿਲੇਂਦਰ ਮਿਸ਼ਰਾ, ਰਾਣਾ ਜੰਗ ਬਹਾਦੁਰ, ਕੇ.ਸੀ ਬੋਕਾਡੀਆ, ਪ੍ਰੀਤੀ ਸ਼ਪਰੂ, ਸੌਰਭ ਸ਼ੁਕਲਾ, ਅਭਿਸ਼ੇਕ ਦੁਧਈਆ, ਗੈਵੀ ਚਹਿਲ, ਦਲੀਪ ਸਿੰਘ, ਦੇਵ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਸਮੇਤ ਹੋਰ ਪ੍ਰਸਿੱਧ ਹਸਤੀਆਂ ਦੇ ਨਾਮ ਸ਼ਾਮਲ ਸਨ। ਇਸ ਦੌਰਾਨ ਸ਼੍ਰੀ ਇਮਤਿਆਜ਼ ਅਲੀ ਨੇ ਵਿਸ਼ੇਸ਼ ਗੋਸ਼ਟੀ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਫ਼ਿਲਮ ਸਟੱਡੀਜ਼ ਅਤੇ ਐਨੀਮੇਸ਼ਨ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸਿਨੇਮਾ ਉਦਯੋਗ ਵਿੱਚ ਮੌਜੂਦਾ ਰੁਝਾਨਾਂ ਬਾਰੇ ਮਾਰਗ ਦਰਸ਼ਨ ਮੁਹੱਈਆ ਕਰਵਾਇਆ। ਜ਼ਿਕਰਯੋਗ ਹੈ ਕਿ ਸੰਗੀਤ ਅਤੇ ਫ਼ਿਲਮ ਫੈਸਟੀਵਲ ਲਈ ਵੱਡੀ ਗਿਣਤੀ ਰਜਿਸਟ੍ਰੇਸ਼ਨਾਂ ਹੋਈਆਂ ਹਨ, ਜਿਸ ਅਧੀਨ ਮੇਲੇ ਦੌਰਾਨ ਫ਼ਿਚਰ ਫ਼ਿਲਮਾਂ, ਲਘੂ ਫ਼ਿਲਮਾਂ, ਦਸਤਾਵੇਜ਼ੀ, ਐਨੀਮੇਟਿਡ ਫ਼ਿਲਮਾਂ, ਮਿਊਜ਼ਿਕ ਫ਼ਿਲਮਾਂ ਦੀ ਸਕਰੀਨਿੰਗ ਹਾਜ਼ਰੀਨਾਂ ਨੂੰ ਵਿਲੱਖਣ ਤਜ਼ਰਬਾ ਪ੍ਰਦਾਨ ਕਰਨਗੀਆਂ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਵਿਰਸਾ ਬੜਾ ਅਮੀਰ ਹੈ, ਜਿਸ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਫ਼ਿਲਮਾਂ ਮਹੱਤਵਪੂਰਨ ਮੰਚ ਸਾਬਤ ਹੋਣਗੀਆਂ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਵਿਰਸੇ ਨੂੰ ਪ੍ਰਫੁੱਲਿਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਨਵੇਂ ਪੰਜਾਬ ਦੀ ਸਿਰਜਣਾ ਦੀ ਲੋੜ ਹੈ, ਜਿਸ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵੱਲ ਰੁਖ ਕਰ ਰਹੀ ਨੌਜਵਾਨੀ ਲਈ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਸਿਰਜਿਆ ਜਾਵੇਗਾ। ਨੌਜਵਾਨੀ ਨੂੰ ਸੇਧ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਸਤਿਕਾਰ ਜ਼ਿੰਦਗੀ ’ਚ ਬੜੀ ਅਹਿਮੀਅਤ ਰੱਖਦਾ ਹੈ, ਜਿਸ ਦੇ ਮਾਧਿਅਮ ਰਾਹੀਂ ਅਸੀਂ ਚੰਗੇ ਭਵਿੱਖ ਦੀ ਸਿਰਜਣਾ ਕਰ ਸਕਦੇ ਹਾਂ।ਚੰਡੀਗੜ੍ਹ ਯੂਨੀਵਰਸਿਟੀ ਦੇ ਉਪਰਾਲਿਆਂ ਅਤੇ ਬੁਨਿਆਦੀ ਢਾਂਚੇ ਦੀ ਸ਼ਾਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ’ਵਰਸਿਟੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਸਮਰੱਥ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਸਿੱਧ ਡਾਇਰੈਕਟਰ ਸ਼੍ਰੀ ਇਮਤਿਆਜ਼ ਅਲੀ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਨੂੰ ਗੁਰੂਆਂ-ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬੋ-ਹਵਾ ’ਚ ਪਿਆਰ-ਮੁਹੱਬਤ ਦੀ ਖੁਸ਼ਬੂ ਦੀ ਮਹਿਕ ਆਉਂਦੀ ਹੈ।ਉਨ੍ਹਾਂ ਕਿਹਾ ਕਿ ਇਥੋਂ ਦੀਆਂ ਨਦੀਆਂ, ਨਹਿਰਾਂ, ਖੇਤੀਬਾੜੀ, ਵਾਤਾਵਰਣ ’ਚ ਵਿਰਾਸਤ ਦੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ, ਨਦੀਆਂ, ਵਾਤਾਵਰਣ ਦੀ ਸਾਂਭ ਸੰਭਾਲ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।
ਮਸ਼ਹੂਰ ਅਭਿਨੇਤਾ, ਪਟਕਥਾ ਲੇਖਕ ਅਤੇ ਫ਼ਿਲਮ ਨਿਰਦੇਸ਼ਕ ਸੌਰਭ ਸ਼ੁਕਲਾ ਨੇ ਫ਼ਿਲਮ ਫੈਸਟੀਵਲ ਦੇ ਆਯੋਜਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਫ਼ਿਲਮਾਂ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਹਨ ਅਤੇ ਸਾਨੂੰ ਸ਼ਾਨਦਾਰ ਢੰਗ ਨਾਲ ਕਹਾਣੀਆਂ ਬਿਆਨ ਕਰਨ ਦੀ ਇਜਾਜ਼ਤ ਦਿੰਦੀਆਂ ਹਨ।ਇਸ ਮੌਕੇ ਉੱਘੇ ਫ਼ਿਲਮ ਨਿਰਮਾਤਾ ਕੇ.ਸੀ ਬੋਕਾਡੀਆ ਨੇ ਇਸ ਫੈਸਟੀਵਲ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੈਸਟੀਵਲ ਨੇ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਇੱਕ ਮੰਚ ’ਤੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਪ੍ਰਸਿੱਧ ਅਦਾਕਾਰਾ ਪ੍ਰੀਤੀ ਸ਼ਪਰੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦਾ ਵਿਰਸਾ, ਵਾਤਾਵਰਣ ਐਨਾ ਖੁਸ਼ਹਾਲ ਹੈ ਕਿ ਸਾਨੂੰ ਇਸ ਮਹਾਨ ਧਰਤੀ ਨੂੰ ਕਿਸੇ ਹੋਰ ਦੇਸ਼ ਲਈ ਛੱਡਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੋਂ ਬਿਨਾਂ ਕੋਈ ਪੰਜਾਬ ਨਹੀਂ ਹੈ, ਸਾਨੂੰ ਆਪਣੇ ਇਤਿਹਾਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਸੰਭਾਲਣ ਲਈ ਯੋਗਦਾਨ ਪਾਉਣ ਦੀ ਲੋੜ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿਨੇਮਾ ਵਿਚਾਰਾਂ ਦੇ ਪ੍ਰਗਟਾਵੇ ਲਈ ਮਹੱਤਵਪੂਰਨ ਮਾਧਿਅਮ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਸਿਨੇਮਾ ਦੇ ਰੂਪ ਵਿੱਚ ਕਲਾ ਨੂੰ ਸੁਰੱਖਿਅਤ ਅਤੇ ਪ੍ਰਫੁੱਲਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਫ਼ਿਲਮ ਪ੍ਰੇਮੀਆਂ, ਵਿਦਿਆਰਥੀਆਂ ਅਤੇ ਉਭਰਦੇ ਫ਼ਿਲਮ ਨਿਰਮਾਤਾਵਾਂ ਨੂੰ ਨਾ ਸਿਰਫ਼ ਟ੍ਰਾਈਸਿਟੀ ਤੋਂ ਬਲਕਿ ਆਸ ਪਾਸ ਦੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਵੀ ਫ਼ਿਲਮ ਨਿਰਮਾਤਾਵਾਂ ਅਤੇ ਉਦਯੋਗ ਪੇਸ਼ੇਵਰਾਂ ਦੀ ਮਹੱਤਵਪੂਰਨ ਭਾਗੀਦਾਰੀ ਅਤੇ ਉਤਸ਼ਾਹ ਦੇਖਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਮੇਲਾ ਨਾ ਕੇਵਲ ਇੰਡਸਟਰੀ ਦੇ ਮੌਜੂਦਾ ਰੁਝਾਨਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏ ਬਲਕਿ ਫ਼ਿਲਮ ਉਦਯੋਗ ਦੇ ਵਿਕਾਸ ’ਚ ਚੰਡੀਗੜ੍ਹ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਵਿਸ਼ਵਵਿਆਪੀ ਪੱਧਰ ’ਤੇ ਜਾਣੂ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਏਗਾ।ਚੰਡੀਗੜ੍ਹ ਯੂਨੀਵਰਸਿਟੀ ਦੇ ਫ਼ਿਲਮ ਸਟੱਡੀਜ਼ ਅਤੇ ਐਨੀਮੇਸ਼ਨ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਖੇਤਰ ਨਾਲ ਜੁੜੇ ਵਿਦਿਆਰਥੀਆਂ ਲਈ ਇਹ ਮੇਲਾ ਮਾਰਗ ਦਰਸ਼ਕ ਦੇ ਰੂਪ ’ਚ ਇੱਕ ਵੱਡਾ ਮੰਚ ਸਾਬਤ ਹੋਵੇਗਾ।ਫੈਸਟੀਵਲ ਦੇ ਦੂਜੇ ਦਿਨ ਦਿ ਕਸ਼ਮੀਰ ਫਾਈਲ ਫ਼ਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ, ਅਦਾਕਾਰਾ ਪਲਵੀ ਜੋਸ਼ੀ ਸਮੇਤ ਹੋਰ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਵਿਦਿਆਰਥੀਆਂ ਦੇ ਰੂਬਰੂ ਹੋਣਗੀਆਂ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੰਡੀਗੜ੍ਹ ਮਿਊਜ਼ਿਕ ਅਤੇ ਫ਼ਿਲਮ ਫੈਸਟੀਵਲ ਦਾ ਉਦਘਾਟਨ ਕਰਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫ਼ਿਲਮ ਨਿਰਦੇਸ਼ਕ ਸੌਰਵ ਸ਼ੁਕਲਾ, ਫ਼ਿਲਮ ਡਾਇਰੈਕਟਰ ਇਮਤਿਆਜ਼ ਅਲੀ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਹੋਰ ਪ੍ਰਮੁੱਖ ਹਸਤੀਆਂ।