ਮੁੱਖ ਮੰਤਰੀ ਦੀ ਸਮਾਜ ਵਿਰੋਧੀ ਤੱਤਾਂ ਵਿਰੁੱਧ ਫੈਸਲਾਕੁੰਨ ਜੰਗ: ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਚੱਲ ਰਹੇ ਆਪਰੇਸ਼ਨ ਦੌਰਾਨ 25 ਹੋਰ ਹਥਿਆਰ ਕੀਤੇ ਬਰਾਮਦ ; ਇੱਕ ਹਥਿਆਰ ਬਣਾਉਣ ਵਾਲਾ ਗਿ੍ਰਫਤਾਰ

– ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਅਧਾਰਿਤ ਦੋ ਆਰਮ ਸਪਲਾਇਰ 55 ਪਿਸਤੌਲਾਂ ਨਾਲ ਕੀਤੇ ਸਨ ਕਾਬੂ ; ਹਥਿਆਰਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 80 ਤੱਕ ਅੱਪੜੀ

– ਪੁਖ਼ਤਾ ਜਾਣਕਾਰੀ ਦੇ ਬਾਅਦ, 15 ਮੈਂਬਰੀ ਪੰਜਾਬ ਪੁਲਿਸ ਟੀਮ ਨੂੰ ਹਥਿਆਰਾਂ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਭੇਜਿਆ ਗਿਆ ਸੀ ਮੱਧ ਪ੍ਰਦੇਸ਼

– ਪੰਜਾਬ ਪੁਲਿਸ ਨੇ ਨਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕਾਂ ਨੂੰ ਮੁੱਢੋਂ ਤਬਾਹ ਕਰਨ ਲਈ ਅਪਣਾਈ ਸਰਗਰਮ ਪਹੁੰਚ

ਚੰਡੀਗੜ, 7 ਸਤੰਬਰ :- 

ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਮੱਧ ਪ੍ਰਦੇਸ਼ (ਐਮ.ਪੀ) ਤੋਂ ਹਥਿਆਰਾਂ ਦੇ ਦੋ ਸਪਲਾਇਰਾਂ ਦੀ ਗਿ੍ਰਫਤਾਰੀ ਨਾਲ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਉਪਰੰਤ, ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਕਜ਼ਾਲਪੁਰਾ ਤੋਂ ਹਥਿਆਰ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਵੀ ਗਿ੍ਰਫਤਾਰ ਕੀਤਾ ਹੈ।.

ਗਿ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੋਨੂੰ ਸਿੰਘ ਵਾਸੀ ਪਿੰਡ ਸਿਗਨੂਰ ਜਿਲਾ ਖਰਗੋਨ ਵਜੋਂ ਹੋਈ ਹੈ, ਜੋ ਐਮ.ਪੀ ਵਿੱਚ ਹਥਿਆਰਾਂ ਦਾ ਇੱਕ ਛੋਟਾ ਨਿਰਮਾਣ ਯੂਨਿਟ ਚਲਾ ਰਿਹਾ ਸੀ ਅਤੇ ਐਮ.ਪੀ ਸਣੇ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਸਪਲਾਈ ਕਰਦਾ ਸੀ। ਪੁਲਸ ਨੇ ਉਕਤ ਕੋਲੋਂ 24 ਪਿਸਤੌਲਾਂ ਅਤੇ ਇਕ ਰਿਵਾਲਵਰ ਸਮੇਤ 25 ਹੋਰ ਹਥਿਆਰ ਵੀ ਬਰਾਮਦ ਕੀਤੇ ਹਨ, ਜਿਸ ਨਾਲ ਇਸ ਗਿਰੋਹ ਤੋਂ ਹਥਿਆਰਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 80 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ, ਜਿਨਾਂ ਦੀ ਪਛਾਣ ਭੌਰੇਲਾਲ ਉਰਫ ਮਨੀਸ਼ ਬਡੇ ਅਤੇ ਕੈਲਾਸ਼ ਮੱਲ ਸਿੰਘ ਵਜੋਂ ਹੋਈ ਸੀ, ਜੋ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਹਥਿਆਰ ਨਿਰਮਾਣ ਅਤੇ ਐਮ.ਪੀ ਤੋਂ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਵਿੱਚ ਸ਼ਾਮਲ ਸਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਭੋਰੇਲਾਲ ਅਤੇ ਕੈਲਾਸ਼ ਮੱਲ ਦੀ ਮੁੱਢਲੀ ਜਾਂਚ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਕਜ਼ਾਲਪੁਰਾ ਤੋਂ ਹਥਿਆਰ ਬਣਾਉਣ ਵਾਲੇ ਨੂੰ ਕਾਬੂ ਕਰਕੇ ਉਸ ਦੇ ਕਬਜੇ ‘ਚੋਂ 8 ਪਿਸਤੌਲ ਬਰਾਮਦ ਕੀਤੇ ਸਨ। ਉਨਾਂ ਦੱਸਿਆ ਕਿ ਸੋਨੂੰ ਸਿੰਘ ਦੇ ਖੁਲਾਸੇ ‘ਤੇ, ਪੁਲਿਸ ਟੀਮਾਂ ਨੇ ਮੱਧ ਪ੍ਰਦੇਸ਼ ਦੇ ਬਡਵਾਨੀ ਦੇ ਪਿੰਡ ਉਮਾਰਤੀ ਨੇੜੇ ਡਰੇਨ ਦੇ ਕਿਨਾਰੇ ਤੋਂ ਉਸ ਵੱਲੋਂ ਦੱਸੇ ਗਏ ਟਿਕਾਣੇ ਤੋਂ ਹੋਰ 16 ਪਿਸਤੌਲ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ।

ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ 20 ਹਜਾਰ ਰੁਪਏ ਤੋਂ 30 ਹਜ਼ਾਰ ਰੁਪਏ ਵਿੱਚ ਨਾਜਾਇਜ਼ ਹਥਿਆਰ ਵੇਚਦੇ ਸਨ ਅਤੇ ਖਰੀਦਦਾਰ ਲੱਭਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਦੀ ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਮੱਧ ਪ੍ਰਦੇਸ਼ ਵਿੱਚ ਪੰਜ ਦਿਨਾਂ ਲਈ ਚਲਾਈ ਇੰਟੈਲੀਜੈਂਸ ਅਧਾਰਿਤ ਮੁਹਿੰਮ ਦੌਰਾਨ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਕਾਰਵਾਈ ਮੱਧ ਪ੍ਰਦੇਸ਼ ਪੁਲਿਸ ਦੀ ਮਦਦ ਨਾਲ ਕੀਤੀ ਗਈ ਹੈ।

ਇਸ ਸਬੰਧੀ ਅਸਲਾ ਐਕਟ ਦੀ ਧਾਰਾ 25/54/59 ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰਬਰ 24 ਮਿਤੀ 10.08.2022 ਅਧੀਨ ਪੁਲਿਸ ਥਾਣਾ ਐਸ.ਐਸ.ਓ.ਸੀ., ਅੰਮਿ੍ਰਤਸਰ ਵਿਖੇ ਮਾਮਲਾ ਦਰਜ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੋਂ ਬਾਅਦ, ਹੁਣ ਪੰਜਾਬ ਪੁਲਿਸ ਨੇ ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈਟਵਰਕ ਦਾ ਮੁੱਢੋਂ ਪਰਦਾਫਾਸ਼ ਕਰਨ ਲਈ ਸਰਗਰਮ ਪਹੁੰਚ ਅਪਣਾਈ ਹੈ।

 

ਹੋਰ ਪੜ੍ਹੋ :-  ਪੰਜਾਬ ਪੁਲਿਸ ਦੇ ਸਾਈਬਰ ਸੈੱਲ  ਨੂੰ ਵਟਸਐਪ ਦੀ ਫ਼ਰਜ਼ੀ ਵਰਤੋਂ ਕਰਨ ਵਾਲੇ ਮਾਮਲੇ ਦੀ  ਗੁੱਥੀ ਨੂੰ ਸੁਲਝਾਉਣ ਲਈ  ਮਿਲਿਆ ਪਹਿਲਾ ਇਨਾਮ

———–