ਜੇਲ੍ਹ ਵਿਭਾਗ ਪੰਜਾਬ ‘ਚ ਸੁਧਾਰ, ਨਵੀਨਤਾ ਅਤੇ ਕੈਦੀ ਸਸ਼ਕਤੀਕਰਨ ਦੇ ਨਾਂ ਰਿਹਾ ਸਾਲ 2025: ਲਾਲਜੀਤ ਸਿੰਘ ਭੁੱਲਰ

ਕਿਹਾ, ਲੰਘੇ ਵਰ੍ਹੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ ਸੁਥਰੇ ਵਾਤਾਵਰਨ ਤੋਂ ਲੈ ਕੇ ਉੱਚ-ਤਕਨੀਕੀ ਸੁਰੱਖਿਆ ਤੱਕ ਕੀਤਾ ਮੁੜ ਪਰਿਭਾਸ਼ਤ
ਜੇਲ੍ਹਾਂ ਲਈ 126 ਕਰੋੜ ਰੁਪਏ ਦੀ ਲਾਗਤ ਨਾਲ ਏ.ਆਈ. ਅਧਾਰਿਤ ਸੀ.ਸੀ.ਟੀ.ਵੀ.,ਐਕਸਰੇ ਬੈਗੇਜ ਸਕੈਨਰ ਆਦਿ ਉੱਪਕਰਨ ਖ਼ਰੀਦਣ ਦੀ ਪ੍ਰਕਿਰਿਆ ਜਾਰੀ

ਚੰਡੀਗੜ੍ਹ, 26 ਦਸੰਬਰ 2025

ਪੰਜਾਬ ਜੇਲ੍ਹ ਵਿਭਾਗ ਨੇ ਅੱਜ ਆਪਣੀ ਸਾਲ-ਅੰਤ ਪ੍ਰਾਪਤੀ ਰਿਪੋਰਟ ਜਾਰੀ ਕਰਦਿਆਂ ਵਿਭਿੰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੇ ਸੂਬੇ ਦੀਆਂ ਸੁਧਾਰ ਸਹੂਲਤਾਂ ਨੂੰ ਪੁਨਰਵਾਸ, ਸਥਿਰਤਾ ਅਤੇ ਆਧੁਨਿਕ ਸੁਰੱਖਿਆ ਦੇ ਕੇਂਦਰਾਂ ਵਿੱਚ ਬਦਲ ਦਿੱਤਾ ਹੈ।

ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਅੰਦਰ ਆਪਣੀਆਂ ਮਾਨਵਪੱਖੀ ਪਹਿਲਕਦਮੀਆਂ ਦਾ ਵਿਸਥਾਰ ਕਰਨ, ਤਕਨਾਲੋਜੀ ਰਾਹੀਂ ਸੁਰੱਖਿਆ ਵਧਾਉਣ, ਅਤੇ ਕੈਦੀਆਂ ਨੂੰ ਹੁਨਰਾਮੰਦ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਨੂੰ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ ਸੁਥਰੇ ਵਾਤਾਵਰਨ ਤੋਂ ਲੈ ਕੇ ਉੱਚ-ਤਕਨੀਕੀ ਸੁਰੱਖਿਆ ਤੱਕ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਸਾਡਾ ਧਿਆਨ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉਨ੍ਹਾਂ ਦੇ ਜੀਵਨ ਨੂੰ ਦੁਬਾਰਾ ਬਣਾਉਣ ਦਾ ਮੌਕਾ ਦੇਣ ‘ਤੇ ਰਿਹਾ ਹੈ।”

ਸਾਲ 2025 ਦੀਆਂ ਮੁੱਖ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਦੀਆਂ ਨੂੰ ਖੇਡ ਭਾਵਨਾ ਅਤੇ ਸਰੀਰਕ ਤੰਦਰੁਸਤੀ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਜੇਲ੍ਹ ਓਲੰਪਿਕ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ‘ਚ ਪੌਦੇ ਲਗਾਉਣ ਦੀ ਮੁਹਿੰਮ ਨੇ ਬਹੁਤ ਸਾਰੀਆਂ ਥਾਵਾਂ ਨੂੰ ਹਰਿਆਲੀ ਵਾਲੀਆਂ ਥਾਵਾਂ ਵਿੱਚ ਬਦਲ ਦਿੱਤਾ ਹੈ, ਜਿਸ ਨਾਲ “ਸਾਫ਼ ਅਤੇ ਹਰਿਆਲੀ” ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਗੋਰਸੀਆਂ ਕਾਦਰਬਖਸ਼ ਲੁਧਿਆਣਾ ਜੇਲ੍ਹ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਉੱਚ-ਸੁਰੱਖਿਆ ਵਾਲੀ ਜੇਲ੍ਹ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮੋਹਾਲੀ ਵਿੱਚ ‘ਜੇਲ੍ਹ ਭਵਨ’ ਹੈੱਡਕੁਆਰਟਰ ਦੀ ਉਸਾਰੀ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਸਾਲ 2025 ਦੀਆਂ ਪਹਿਲਕਦੀਆਂ ਬਾਰੇ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ 815 ਵਾਰਡਰ/32 ਮੈਟਰਨ ਭਰਤੀ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ 175  ਵਾਰਡਰ ਅਤੇ 4 ਮੈਟਰਨ ਦੀ ਭਰਤੀ ਜਲਦ ਹੀ ਮੁਕੰਮਲ ਹੋਣ ਵਾਲੀ ਹੈ। ਇਸ ਤੋਂ ਇਲਾਵਾ 13 ਡਿਪਟੀ ਸੁਪਰਡੈਂਟ ਗ੍ਰੇਡ-2, 29 ਸਹਾਇੱਕ ਸੁਪਰਡੈਂਟ, 451 ਵਰਡਰ ਅਤੇ 20 ਮੈਟਰਨ ਦੀ ਭਰਤੀ ਪ੍ਰਕਿਰਿਆ ਵੀ ਚਲ ਰਹੀ  ਹੈ ਜੋ ਕਿ ਜਲਦ ਹੀ ਮੁਕੰਮਲ ਹੋ ਜਾਵੇਗੀ। ਇਸ ਤੋਂ ਇਲਾਵਾ ਪੈਸਕੋ ਦੇ 509 ਹੋਰ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ 359 ਹੋਰ ਪੈਸਕੋ ਕਰਮਚਾਰੀ ਜਲਦੀ ਭਰਤੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੇਂਦਰੀ ਜੇਲ ਬਠਿੰਡਾ ਵਿਖੇ ਸੀ.ਆਰ.ਪੀ.ਐਫ. ਦੀ ਇਕ ਹੋਰ ਕੰਪਨੀ ਤੈਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਆਧੁਨਿਕ ਸੁਰੱਖਿਆ ਸਾਜ਼ੋ ਸਾਮਾਨ ਜਿਵੇਂ ਏ.ਆਈ. (ਆਰਟੀਫੀਸ਼ਿਅਲ ਇੰਟੈਲੀਜੈਂਸ) ਅਧਾਰਿਤ ਸੀ.ਸੀ.ਟੀ.ਵੀ., ਐਕਸਰੇ ਬੈਗੇਜ ਸਕੈਨਰ, ਸਰੀਰ ‘ਤੇ ਲੱਗਣ ਵਾਲੇ ਕੈਮਰੇ ਆਦਿ, 126 ਕਰੋੜ ਰੁਪਏ ਦੀ ਲਾਗਤ ਨਾਲ ਜੇਲ੍ਹਾਂ ਲਈ ਖਰੀਦੇ ਜਾ ਰਹੇ ਹਨ। ਜੇਲ੍ਹਾਂ ਵਿੱਚ ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਵੱਧ ਊਰਜਾ ਵਾਲੇ ਜੈਮਰ ਪੰਜਾਬ ਦੀਆਂ 13 ਸੰਵੇਦਨਸ਼ੀਲ ਜੇਲ੍ਹਾਂ ਵਿੱਚ ਲਗਵਾਏ ਜਾ ਰਹੇ ਹਨ।

ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਕੈਦੀਆਂ ਦੁਆਰਾ ਚਲਾਏ ਜਾ ਰਹੇ 9 ਪੈਟਰੋਲ ਪੰਪ ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਨਾਭਾ, ਰੋਪੜ, ਫਾਜ਼ਿਲਕਾ, ਨਵੀ ਜੇਲ ਨਾਭਾ ਅਤੇ ਸੰਗਰੂਰ ਵਿਖੇ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ 3 ਹੋਰ ਪੈਟਰੋਲ ਪੰਪ ਆਉਣ ਵਾਲੇ ਸਮੇਂ ਦੌਰਾਨ ਚਾਲੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੇਲਡਰ, ਐਲੇਕਟਰੀਸ਼ਨ, ਕੰਪਊਟਰ ਆਪਰੇਟਰ, ਸੁੰਦਰਤਾ, ਸਿਲਾਈ, ਦੇ ਕੰਮ ਆਦਿ ਵਰਗੇ ਹੁਨਰ ਵਿਕਾਸ ਪ੍ਰੋਗਰਾਮ ਦੇ ਕੋਰਸ 11 ਜੇਲ੍ਹਾਂ ਵਿਚ ਆਈ. ਟੀ. ਆਈ. ਖੋਲ ਕੇ ਸ਼ੁਰੂ ਕਰਵਾ ਦਿੱਤੇ ਗਏ ਹਨ ਜਿਨ੍ਹਾਂ ਵਿਚ ਤਕਰੀਬਨ 1016 ਬੰਦੀਆਂ ਨੂੰ ਸਰਟੀਫਾਇਡ ਕੋਰਸ ਕਰਵਾਉਣ ਦਾ ਟੀਚਾ ਹੈ।