ਕੋਰੋਨਾ ਨੂੰ ਹਰਾਉਣ ਲਈ ਹੰਕਾਰ ਤਿਆਗੇ ਅਮਰਿੰਦਰ ਸਿੰਘ ਸਰਕਾਰ- ਹਰਪਾਲ ਸਿੰਘ ਚੀਮਾ

Harpal Singh Cheema aap Leader LoP

‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਬੀਬੀ ਮਾਣੂੰਕੇ ਅਤੇ ਮਾਸਟਰ ਬਲਦੇਵ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਰੱਜ ਕੇ ਕੋਸਿਆ

ਚੰਡੀਗੜ੍ਹ,  10 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਬਾਵਜੂਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੰਕਾਰੀ ਰਵੱਈਏ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਕੋਰੋਨਾ ਨੂੰ ਮਾਤ ਦੇਣਾ ਚਾਹੁੰਦੀ ਹੈ ਤਾਂ ਫ਼ਜ਼ੂਲ ਦੀ ਹਉਮੈਂ ਅਤੇ ਫੋਕਾ ਹੰਕਾਰ ਤਿਆਗਣਾ ਪਵੇਗਾ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਸੂਬੇ ਅੰਦਰ ਕੋਰੋਨਾ ਦਾ ਪ੍ਰਕੋਪ ਵਧ ਰਿਹਾ ਹੈ, ਇਹ ਚਿੰਤਾ ਦਾ ਵਿਸ਼ਾ ਹੈ, ਪਰੰਤੂ ਕੋਰੋਨਾ ‘ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੋ ਹੰਕਾਰੀ ਰਵੱਈਆ ਅਖ਼ਤਿਆਰ ਕਰ ਰੱਖਿਆ ਹੈ, ਉਹ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ‘ਚ ਕੋਰੋਨਾ ਮਹਾਂਮਾਰੀ ਨੇ ਉਸੇ ਤਰਾਂ ਖ਼ਤਰਨਾਕ ਹਮਲਾ ਬੋਲਿਆ ਸੀ, ਜਿਵੇਂ ਦੁਨੀਆ ਦੇ ਲੰਡਨ, ਮੁੰਬਈ, ਨਿਊਯਾਰਕ ਆਦਿ ਮਹਾਂਨਗਰ ‘ਚ ਸਭ ਤੋਂ ਪਹਿਲਾਂ ਅਤੇ ਬਹੁਤ ਹੀ ਤੇਜ਼ੀ ਨਾਲ ਕੋਰੋਨਾ ਫੈਲਿਆ ਸੀ, ਪਰੰਤੂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਨਾਲ ਨਿਪਟਣ ਦੇ ਦੇਸ਼-ਦੁਨੀਆ ਦੇ ਹਰ ਵਧੀਆ ਮਾਡਲ ਨੂੰ ਬੇਝਿਜਕ ਹੋ ਕੇ ਅਪਣਾਇਆ ਅਤੇ ਕੋਰੋਨਾ ‘ਤੇ ਕਾਬੂ ਪਾਉਣ ਦੀ ਬੇਮਿਸਾਲ ਸਫਲਤਾ ਹਾਸਲ ਕੀਤਾ, ਜਿਸ ਦੀ ਤਾਰੀਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੂਰੀ ਦੁਨੀਆ ਨੇ ਕੀਤੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਧਦੇ ਕੇਸਾਂ ਅਤੇ ਨਾਕਾਮ ਪ੍ਰਬੰਧਾਂ ਕਾਰਨ ਬਤੌਰ ਵਿਰੋਧੀ ਧਿਰ ਜੇਕਰ ਅਸੀਂ (ਆਪ) ਨੇ ਪੰਜਾਬ ਸਰਕਾਰ ਨੂੰ ਕੇਜਰੀਵਾਲ ਤੋਂ ਸੇਧ ਲੈ ਕੇ ਦਿੱਲੀ ਮਾਡਲ ਅਪਣਾਉਣ ਦੀ ਸਲਾਹ ਦੇ ਦਿੱਤੀ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਐਨੀ ਤਕਲੀਫ਼ ਕਿਉਂ ਹੋ ਗਈ?
ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਅਜਿਹਾ ਫੋਕਾ ਹੰਕਾਰ ਸੂਬੇ ਦੇ ਲੋਕਾਂ ਨੂੰ ਬੇਹੱਦ ਭਾਰੀ ਪੈ ਸਕਦਾ ਹੈ, ਕਿਉਂਕਿ ਪੰਜਾਬ ‘ਚ ਜਿਸ ਤੇਜ਼ੀ ਨਾਲ ਕੇਸ ਵਧ ਰਹੇ ਹਨ, ਉਸ ਮੁਕਾਬਲੇ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ਦੀ ਹਾਲਤ ਬੇਹੱਦ ਖਸਤਾ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਹੋਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਵੀ ਇਲਾਜ ਖੁਣੋਂ ਜਾਨਾਂ ਗੁਆ ਰਹੇ ਹਨ, ਪਰੰਤੂ ਸਿਹਤ ਮੰਤਰਾਲਾ ਆਪਣੀ ਕਮਜ਼ੋਰੀ ਛੁਪਾਉਣ ਲਈ ਹੋਰ ਬਿਮਾਰੀਆਂ ਨਾਲ ਮਰਨ ਵਾਲੇ ਮਰੀਜ਼ਾਂ ਨੂੰ ਵੀ ਕੋਰੋਨਾ ਦੇ ਖਾਤੇ ‘ਚ ਦਿਖਾ ਦਿੱਤਾ ਜਾਂਦਾ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਰੋਨਾ ‘ਤੇ ਕਾਬੂ ਪਾਉਣਾ ਹੈ ਤਾਂ ਹੰਕਾਰ ਤਿਆਗ ਕੇ ਦਿੱਲੀ ਸਮੇਤ ਪੂਰੀ ਦੁਨੀਆ ਦੇ ਹਰ ਸਫਲ ਮਾਡਲ ਨੂੰ ਅਪਣਾਉਣਾ ਪਵੇਗਾ।