ਕੈਪਟਨ ਦੇ ਮੰਤਰੀ ਹੀ ਕਰਵਾ ਰਹੇ ਹਨ ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਝੋਨੇ-ਕਪਾਹ ਦੀ ਤਸਕਰੀ- ਪ੍ਰੋ. ਬਲਜਿੰਦਰ ਕੌਰ

Cong ministers behind smuggling of paddy, cotton from other states: Prof Baljinder Kaur

ਕੈਪਟਨ ਦੇ ਮੰਤਰੀ ਹੀ ਕਰਵਾ ਰਹੇ ਹਨ ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਝੋਨੇ-ਕਪਾਹ ਦੀ ਤਸਕਰੀ- ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ, 24 ਨਵੰਬਰ 2020

ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਰੂਪ ਵਿਚ ਮਿਲਕੇ ਪੰਜਾਬ ਦੇ ਕਿਸਾਨਾਂ ਉਤੇ ਹਮਲੇ ਕਰ ਰਹੀਆਂ ਹਨ। ਪੰਜਾਬ ਦੇ ਕਿਸਾਨ ਜਦੋਂ ਆਪਣੇ ਜ਼ਮੀਨ ਬਚਾਉਣ ਲਈ ਸਭ ਕੁਝ ਦਾਅ ਉਤੇ ਲਾ ਕੇ ਸੰਘਰਸ਼ ਕਰ ਰਿਹਾ ਹੈ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਜੇ ਸੂਬਿਆਂ ਤੋਂ ਝੋਨੇ ਅਤੇ ਕਪਾਹ ਦੀ ਤਸਕਰੀ ਕਰਵਾ ਕੇ ਪੰਜਾਬ ਦੀਆਂ ਮੰਡੀਆਂ ਵਿਚ ਮਹਿੰਗੇ ਭਾਅ ਵੇਚਣ ਲਈ ਮਦਦ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਕਿਸਾਨਾਂ ਨਾਲ ਧੋਖਾ ਕਰਨਾ ਬੰਦ ਕਰੇ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਔਖੇ ਸਮੇਂ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ ਸੀ, ਪ੍ਰੰਤੂ ਉਹ ਕਿਸਾਨਾਂ ਨਾਲ ਗੱਦਾਰੀ ਕਰਦੇ ਹੋਏ ਬਾਹਰਲੇ ਸੂਬਿਆਂ ਤੋਂ ਘੱਟ ਕੀਮਤ ਉਤੇ ਲਿਆਂਦੇ ਝੋਨੇ ਅਤੇ ਕਪਾਹ ਨੂੰ ਪੰਜਾਬ ਵਿਚ ਮੰਹਿੰਗੇ ਭਾਅ ਵੇਚਣ ਵਾਲਿਆਂ ਨੂੰ ਪਨਾਹ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਖੁਦ ਬਾਹਰਲੇ ਸੂਬਿਆਂ ਤੋਂ ਆਏ ਗੈਰਕਾਨੂੰਨੀ ਜਿਣਸਾਂ ਨਾਲ ਭਰੇ ਟਰੱਕ ਫੜ੍ਹੇ ਸਨ, ਪ੍ਰੰਤੂ ਸਰਕਾਰ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤੀਆਂ ਗਈਆਂ ਐਫ ਆਈ ਆਰ ਸਿਰਫ ਲੋਕਾਂ ਦੇ ਅੱਖੀਂ ਘੱਟਾ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਜਿਣਸਾਂ ਦੀ ਤਸਕਰੀ ਕਰਨ ਵਾਲਿਆਂ ਉਤੇ ਸਖਤੀ ਕਰਕੇ ਰੋਕ ਲਗਾ ਸਕਦੀ ਹੈ, ਪ੍ਰੰਤੂ ਸਰਕਾਰ ਇਨ੍ਹਾਂ ਤਸਕਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਦਾਅ ਉਤੇ ਲਗਾਕੇ ਹਰ ਤਰ੍ਹਾਂ ਦੇ ਤਸਕਰਾਂ ਨੂੰ ਮਦਦ ਕਰਨੀ ਬੰਦ ਕਰੇ।