ਮਿਸ਼ਨ ਰੰਗਲਾ ਪੰਜਾਬ ਵਿਚ ਯੋਗਦਾਨ ਪਾਓ, ਚੀਮਾ ਨੇ ਇੰਜੀਨੀਅਰ ਦਿਵਸ ‘ਤੇ ਇੰਜੀਨੀਅਰਾਂ ਨੂੰ ਦਿੱਤਾ ਸੱਦਾ

ਮਿਸ਼ਨ ਰੰਗਲਾ ਪੰਜਾਬ ਵਿਚ ਯੋਗਦਾਨ ਪਾਓ, ਚੀਮਾ ਨੇ ਇੰਜੀਨੀਅਰ ਦਿਵਸ ‘ਤੇ ਇੰਜੀਨੀਅਰਾਂ ਨੂੰ ਦਿੱਤਾ ਸੱਦਾ

—ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਸਮੂਹ ਇੰਜੀਨੀਅਰਾਂ ਨੂੰ ਦੇਸ਼ ਦੇ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤੀ ਵਧਾਈ

ਐਸ.ਏ.ਐਸ. ਨਗਰ, 15 ਸਤੰਬਰ:

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇੰਜੀਨੀਅਰਜ਼ ਦਿਵਸ ਮੌਕੇ ਸੂਬੇ ਦੇ ਇੰਜੀਨੀਅਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦੇ ਮਿਸ਼ਨ ਰੰਗਲਾ ਪੰਜਾਬ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਇੰਜੀਨੀਅਰਜ਼ ਦਿਵਸ ਦੇ ਮੌਕੇ ‘ਤੇ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇੰਜੀਨੀਅਰਾਂ ਨੇ ਰਾਸ਼ਟਰ ਨਿਰਮਾਣ ਅਤੇ ਮਨੁੱਖਤਾ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ. ਚੀਮਾ ਨੇ ਕਿਹਾ, “ਨਵੀਆਂ ਚੁਣੌਤੀਆਂ ਦਰਮਿਆਨ ਵਧਦੀ ਆਬਾਦੀ ਦੀ ਸੇਵਾ ਲਈ ਸਰਕਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਪਾਉਣ।”

ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਨੂੰ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਵਿੱਤੀ ਸਿਹਤ ਨੂੰ ਬੇਹਤਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਇਸ ਵਿੱਤੀ ਸਾਲ ਲਈ ਮਿੱਥੇ ਗਏ ਉੱਚ ਟੀਚੇ ਸਫਲਤਾਪੂਰਵਕ ਹਾਸਲ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਵੱਲੋਂ ਮੰਗ ਪੱਤਰ ਵਿੱਚ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸੇ ’ਤੇ ਕੋਈ ਨਵਾਂ ਬੋਝ ਪਾਏ ਬਿਨਾਂ ਮਾਲੀਆ ਵਧਾਉਣ ਲਈ ਅਪਣਾਈਆਂ ਨਵੀਆਂ ਆਰਥਿਕ ਅਤੇ ਪ੍ਰਸ਼ਾਸਨਿਕ ਨੀਤੀਆਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।

ਇਸ ਮੌਕੇ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਸਮੂਹ ਇੰਜੀਨੀਅਰਾਂ ਨੂੰ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਵਧਾਈ ਦਿੱਤੀ।  ਉਨ੍ਹਾਂ ਨੇ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਦੌਰਾਂ ਦੌਰਾਨ ਇੰਜੀਨੀਅਰਾਂ ਵੱਲੋਂ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ।