ਕੋਰੋਨਾ ਵਿਚ ਲੱਗੇ ਕਰਫਿਊ ਅਤੇ ਪਿੰਡ ਦੇ ਠੀਕਰੀ ਪਹਰਿਆਂ ਦੇ ਕਾਰਨ ਟੁੱਟੀ ਨਸ਼ੇ ਦੀ ਸਪਲਾਈ ਲਾਈਨ
ਠੀਕਰੀ ਪਹਰਿਆਂ ‘ਤੇ ਨਸ਼ਾ ਤਸਕਰੀ ਕਰਦੇ ਹੋਏ ਫੜੇ ਗਏ ਪੰਜਾਬ ਪੁਲੀਸ ਦੇ ਮੁਲਾਜਮ
ਪੰਜਾਬ ਕਾਂਗਰਸ ਦੇ ਰਾਜ ਵਿਚ ਡਰੱਗ ਓਵਰ ਡੋਜ ਨਾਲ ਹੁਣ ਤੱਕ 383 ਮੌਤਾਂ ਹੋਈਆਂ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਭੁੱਲੀ ਪੰਜਾਬ ਸਰਕਾਰ
ਚੰਡੀਗੜ, 26 ਜੂਨ ( )- ਪੰਜਾਬ ‘ਚ ਨਸ਼ੇ ਨੂੰ ਰੋਕਣ ਲਈ ਤਿੰਨ ਸਾਲ ਤੋਂ ਜੋ ਕਾਂਗਰਸ ਸਰਕਾਰ ਪੰਜਾਬ ਪੁਲੀਸ ਅਤੇ ਐਸਟੀਐਫ ਨਹੀਂ ਕਰ ਪਾਈ ਉਹ ਕੋਰੋਨਾ ਨੇ ਤਿੰਨ ਮਹੀਨੇ ਵਿਚ ਨਸ਼ੇ ਦੀ ਸਪਲਾਈ ਲਾਈਨ ਤੋੜ ਕੇ ਕਰ ਦਿਖਾਇਆ। ਆਂਕੜੇ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ‘ਤੇ ਨਸ਼ਾ ਛੱਡਣ ਦੇ ਲਈ 17 ਜੂਨ ਤੱਕ ਕੁੱਲ ਰਜਿਸਟਰਡ ਗਿਣਤੀ 544125 ਵਿੱਚੋਂ 23 ਫੀਸਦੀ 129504 ਸਿਰਫ਼ 23 ਮਾਰਚ ਤੋਂ 17 ਜੂਨ ਦੇ ਵਿਚ ਰਜਿਸਟਰਡ ਹੋਏ ਹਨ, ਜੋ 36 ਮਹੀਨੇ ਵਿਚ ਨਾ ਹੋਇਆ ਉਹ 3 ਮਹੀਨੇ ਵਿਚ ਹੋ ਗਿਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੇ ਬਿਆਨ ‘ਲਾਕ ਡਾਊਨ ਨਾਲ ਨਸ਼ੇ ਦੀ ਕਮਰ ਟੁੱਟੀ ਹੈ’, ਵਿਚ ਖੁੱਦ ਮੰਨ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਅਤੇ ਐਸਟੀਐਫ ਇਸਦਾ ਸਿਹਰਾ ਖੁੱਦ ਲੈਣਾ ਬੰਦ ਕਰੇ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਅੰਤਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਰਾਜ ਵਿਚ ਡਰੱਗ ਓਵਰ ਡੋਜ ਤੋਂ ਹੁਣ ਤੱਕ 383 ਮੌਤਾਂ ਹੋਈਆਂ ਹਨ, ਹੋਈ ਤਾਂ ਬਹੁਤ ਹੋਣਗੀਆਂ ਪਰ ਰਿਪੋਰਟ ਬੜੀ ਘੱਟ ਹੋਈ ਹੈ ਅਤੇ ਅਕਸਰ ਦੇਖਿਆ ਗਿਆ ਹੈ ਕਿ ਪੁਲੀਸ ਵੀ ਮੌਤ ਦਾ ਕੋਈ ਹੋਰ ਕਾਰਨ ਦਿਖਾ ਦਿੰਦੀ ਹੈ।
ਪੰਜਾਬ ਸਰਕਾਰ ਦੀ ਗੰਭੀਰਤਾ ਇਸੇ ਗੱਲ ਤੋਂ ਦਿਖਦੀ ਹੈ ਕਿ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਬੀਤੇ ਸਾਲ ਦੀ ਤਰਾਂ ਇਸ ਸਾਲ ਵੀ ਨਾਮਾਤਰ ਪ੍ਰੋਗਰਾਮ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾ ਪਿਛਲੇ ਸਾਲ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਏ ਨਾ ਇਸ ਸਾਲ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋ ਰਹੇ ਹਨ।
ਜਾਣਕਾਰੀ ਦਿੰਦਿਆਂ ਜੋਸ਼ੀ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਰੋਕਣ ਵਿਚ ਜਿੱਥੇ ਲਾਕ ਡਾਊਨ, ਕਰਫਿਊ ਕਾਰਗਰ ਰਹੇ, ਉਥੇ ਹੀ ਪੰਜਾਬੀਆਂ ਵੱਲੋਂ ਪਿੰਡ-ਪਿੰਡ ਵਿਚ ਲਗਾਏ ਗਏ ਠੀਕਰੀ ਪਹਰਿਆਂ ਦਾ ਰੋਲ ਅਹਿਮ ਹੈ। ਇਨ੍ਹਾਂ ਠੀਕਰੀ ਪਹਰੀਆਂ ‘ਤੇ ਤਾਂ ਪਿੰਡ ਵਾਸੀਆਂ ਨੇ ਨਸ਼ਾ ਤਸਕਰੀ ਕਰਦੇ ਹੋਏ ਪੰਜਾਬ ਪੁਲੀਸ ਦੇ ਮੁਲਾਜਮਾਂ ਨੂੰ ਵੀ ਫੜਿਆ। ਨਸ਼ਾ ਤਸਕਰੀ ਨੇ ਠੀਕਰੀ ਪਹਿਰਾ ਦੇ ਰਹੇ ਲੋਕਾਂ ‘ਤੇ ਹਮਲੇ ਕੀਤੇ ਅਤੇ ਕੁੱਝ ਦੀ ਮੌਤ ਵੀ ਹੋ ਗਈ। ਕੁੱਝ ਥਾਵਾਂ ‘ਤੇ ਪੰਜਾਬ ਪੁਲੀਸ ਨੇ ਪਿੰਡ ਵਾਸੀਆਂ ਵੱਲੋਂ ਫੜਵਾਏ ਨਸ਼ਾ ਤਸਕਰਾਂ ਨੂੰ ਛੱਡ ਦਿੱਤੇ।
ਪੰਜਾਬ ਵਿਚ ਜਿਸ ਤਰਾਂ 198 ਓਟ ਕਲੀਨਿਕ, 35 ਸਰਕਾਰੀ ਨਸ਼ਾ ਮੁਕਤੀ ਕੇਂਦਰ, 108 ਲਾਈਸੈਂਸਸ਼ੁਦਾ ਨਸ਼ਾ ਮੁਕਤੀ ਕੇਂਦਰ ‘ਤੇ ਭੀੜ ਲੱਗ ਰਹੀ ਹੈ, ਉਸ ਨਾਲ ਸਾਫ ਹੈ ਕਿ ਪੰਜਾਬ ਵਿਚ ਲਾਡ ਡਾਊਨ ਅਤੇ ਕਰਫਿਊ ਦੇ ਕਾਰਨ ਨਸ਼ਾ ਰੁਕਿਆ ਹੈ।
ਜੋਸ਼ੀ ਨੇ ਕੈਪਟਨ ਅਮਰਿੰਦਰ ‘ਤੇ ਪ੍ਰਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕੋਰੋਨਾ ਮਹਾਮਾਰੀ ਦਾ ਜਿਸ ਨੇ ਉਨ੍ਹਾਂ ਦੇ 2017-2022 ਦੇ ਚੋਣ ਮੈਨੀਫੇਸਟੋ ਪੱਤਰ ਦੇ 19 ਨੰਬਰ ਪੇਜ ‘ਤੇ ਨਸ਼ਾਖੋਰੀ ਅਤੇ ‘ਨਸ਼ਾ ਤਸਕਰੀ ਚਾਰ ਹਫਤੇ ਵਿਚ ਬੰਦ’ ਦੇ ਵਾਅਦੇ ਨੂੰ ਦੇਰ ਨਾਲ ਹੀ ਸਹੀ, ਪਰ ਪੂਰਾ ਹੋਣ ਵੱਲ ਕਾਫੀ ਅੱਗੇ ਵਧਾਇਆ ਹੈ।

English






