14 ਲੱਖ ਦੇ ਕਰੀਬ ਬੱਚਿਆਂ ਨੂੰ ਲੱਗੇਗੀ ਕਰੋਨਾ ਵੈਕਸੀਨ–ਸੋਨੀ
ਅੰਮਿ੍ਰਤਸਰ, 3 ਜਨਵਰੀ 2022
ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਪੰਜਾਬ ਦੇ ਬੱਚਿਆਂ, ਜਿੰਨਾ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੈ, ਨੂੰ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਦੇ ਸਾਰੇ ਬੱਚਿਆਂ ਤੇ ਉਨਾਂ ਦੇ ਮਾਤਾ–ਪਿਤਾ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੀ ਆ ਰਹੀ ਤੀਸਰੀ ਲਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਵੈਕਸੀਨ ਜ਼ਰੂਰ ਲਗਾਉਣ। ਅੱਜ ਸਿਵਲ ਹਸਪਤਾਲ ਅੰਮਿ੍ਰਤਸਰ ਵਿਖੇ ਇਸ ਸਬੰਧੀ ਕਰਵਾਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਵਿਚ 14 ਲੱਖ ਦੇ ਕਰੀਬ ਬੱਚੇ 15 ਤੋਂ 18 ਸਾਲ ਉਮਰ ਵਰਗ ਵਿਚ ਆਉਂਦੇ ਹਨ, ਜਿੰਨਾ ਨੂੰ ਵੈਕਸੀਨ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।
ਹੋਰ ਪੜ੍ਹੋ :-ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 63 ਵਿੱਚ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਚੈੱਕ ਵੰਡੇ।
ਉਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਕਰੋਨਾ ਨਾਲ ਲੜਨ ਲਈ ਹਰ ਤਰਾਂ ਦੇ ਟਾਕਰੇ ਲਈ ਤਿਆਰ ਹੈ, ਪਰ ਸਾਨੂੰ ਸਾਰਿਆਂ ਨੂੰ ਇਸ ਲਈ ਕਾਰਗਰ ਹਥਿਆਰ, ਜੋ ਕਿ ਵੈਕਸੀਨ ਹੀ ਹੈ, ਨੂੰ ਲਗਾਉਣਾ ਚਾਹੀਦਾ ਹੈ। ਉਨਾਂ ਅੰਮਿ੍ਰਤਸਰ ਦੀ ਗੱਲ ਕਰਦੇ ਕਿਹਾ ਕਿ ਅੰਮਿ੍ਰਤਸਰ ਜਿਲ੍ਹੇ ਵਿਚ 1 ਲੱਖ 12 ਹਜ਼ਾਰ ਬੱਚੇ ਇਸ ਵਰਗ ਵਿਚ ਆਉਂਦੇ ਹਨ, ਜਿੰਨਾ ਨੂੰ ਇਹ ਟੀਕਾ ਲਗਾਇਆ ਜਾਣਾ ਹੈ।
ਉਨਾਂ ਇਸ ਵੈਕਸੀਨ ਦੇ ਕੰਮ ਵਿਚ ਲੱਗੇ ਸਟਾਫ ਦੀ ਤਾਰੀਫ਼ ਕਰਦੇ ਕਿਹਾ ਕਿ ਤੁਹਾਡੇ ਸਾਰਿਆਂ ਦੀ ਕੋਸ਼ਿਸ਼ ਨਾਲ ਅਸੀਂ ਜਿਲ੍ਹੇ ਵਿਚ 85 ਫੀਸਦੀ ਯੋਗ ਅਬਾਦੀ ਨੂੰ ਕੋਰਨਾ ਦੇ ਟੀਕੇ ਦੀ ਪਹਿਲੀ ਡੋਜ਼ ਲਗਾਈ ਹੈ ਅਤੇ 45 ਫੀਸਦੀ ਦੇ ਕਰੀਬ ਨੂੰ ਦੂਸਰੀ ਡੋਜ਼ ਲਗਾ ਕੇ ਕਰੋਨਾ ਵਿਰੁੱਧ ਲੜਨ ਲਈ ਤਿਆਰ ਕਰ ਲਿਆ ਹੈ। ਉਨਾਂ ਕਿਹਾ ਕਿ ਹੁਣ ਤਹਾਨੂੰ ਨੌਜਵਾਨ ਬੱਚਿਆਂ ਨੂੰ ਟੀਕੇ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਆਸ ਹੈ ਕਿ ਤੁਸੀਂ ਇਸ ਨੂੰ ਬਾਖੂਬੀ ਪੂਰਾ ਕਰੋਗੇ।
ਸ੍ਰੀ ਸੋਨੀ ਨੇ ਟੀਕਾਕਰਨ ਲਗਾਉਣ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਸ ਦੀ ਵੈਕਸੀਨ ਜ਼ਰੂਰ ਲਗਾਉਣ, ਕਿਉਂਕਿ ਵਿਸ਼ਵ ਭਰ ਵਿਚ ਹੋਈ ਖੋਜ ਇਹ ਸਿੱਧ ਕਰਦੀ ਹੈ ਕਿ ਜਿੰਨਾ ਲੋਕਾਂ ਨੇ ਇਹ ਟੀਕੇ ਲਗਵਾਏ ਹਨ, ਉਨਾਂ ਉਤੇ ਕਰੋਨਾ ਨੇ ਬਹੁਤਾ ਅਸਰ ਨਹੀਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ, ਐਮ ਡੀ ਸਿਹਤ ਕਾਰਪੋਰੇਸ਼ਨ ਸ੍ਰੀ ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਸ੍ਰੀ ਜੀ ਬੀ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

English






