-ਕਿਹਾ, ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਵਾਪਾਰੀ- ਕਾਰੋਬਾਰੀ ਵਰਗ ਨੂੰ ਸਭ ਤੋਂ ਵੱਧ ਲੁੱਟਿਆ ਅਤੇ ਅਣਦੇਖਾ ਕੀਤਾ
-ਹੁਣ ਕੇਂਦਰ ਤੇ ਸੂਬਾ ਸਰਕਾਰਾਂ ਵਿਰੁੱਧ ਵਾਪਾਰੀ- ਕਾਰੋਬਾਰੀ ਵੀ ਸੜਕਾਂ ‘ਤੇ ਉਤਰਨ ਲਈ ਹੋਏ ਮਜ਼ਬੂਰ: ਆਪ
ਚੰਡੀਗੜ, 8 ਅਕਤੂਬਰ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੂਬੇ ‘ਚ ਹੁਣ ਵਾਪਾਰੀ, ਕਾਰੋਬਾਰੀ ਅਤੇ ਉਦਯੋਗਪਤੀ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ, ਕਿਉਂਕਿ ਇੱਕ ਪਾਸੇ ਭ੍ਰਿਸ਼ਟਾਚਾਰ, ਮਾਫ਼ੀਆ ਰਾਜ ਅਤੇ ਨਿਕੰਮੀ ਕਾਨੂੰਨ ਵਿਵਸਥਾ ਨੇ ਪੰਜਾਬ ਵਿੱਚ ਵਾਪਾਰ, ਕਾਰੋਬਾਰ ਲਈ ਜ਼ਰੂਰੀ ਖੁਸ਼ਗਵਾਰ ਮਹੌਲ ਨਹੀਂ ਰਹਿਣ ਦਿੱਤਾ, ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਦੀ ਵਾਪਾਰ, ਕਾਰੋਬਾਰ ਵਿਰੋਧੀ ਨੀਤੀ ਅਤੇ ਨੀਅਤ ਨੇ ਇਸ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ”ਸੱਤਾ ‘ਤੇ ਕਾਬਜ ਰਹੀਆਂ ਸਰਕਾਰਾਂ ਨੇ ਪੰਜਾਬ ਦੇ ਵਾਪਾਰ, ਕਾਰੋਬਾਰ ਅਤੇ ਉਦਯੋਗਤ ਨੂੰ ਅਣਦੇਖਾ ਕੀਤਾ ਗਿਆ, ਸਗੋਂ ਭ੍ਰਿਸ਼ਟ ਸਰਕਾਰੀ ਤੰਤਰ ਅਤੇ ਮਾਫੀਆ ਹੱਥੋਂ ਸਭ ਤੋਂ ਜ਼ਿਆਦਾ ਲੁੱਟ ਵੀ ਕੀਤੀ ਗਈ ਹੈ।”
ਹੋਰ ਪੜ੍ਹੋ :-ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਜਗਤ ਨੂੰ ਸਭ ਤੋਂ ਪਹਿਲਾ ਵੱਡਾ ਨੁਕਸਾਨ ਸਾਲ 1980 ਵਿੱਚ ਕਾਲੇ ਦੌਰ ਕਾਰਨ ਹੋਇਆ। ਫਿਰ ਪੰਜਾਬ ਦੇ ਉਦਯੋਗਾਂ ਨੂੰ ਦੂਜਾ ਵੱਡਾ ਝਟਕਾ ਕੇਂਦਰ ਵਿੱਚ ਅਕਾਲੀ ਦਲ- ਭਾਜਪਾ ਦੀ ਵਾਜਪਈ ਸਰਕਾਰ ਨੇ ਦਿੱਤਾ, ਜਦੋਂ ਕਿ ਉਸ ਸਮੇਂ ਪੰਜਾਬ ਦੀ ਸੱਤਾ ‘ਤੇ ਅਕਾਲੀ- ਭਾਜਪਾ ਸਰਕਾਰ ਕਾਬਜ ਸੀ। ਉਸ ਸਮੇਂ ਪੰਜਾਬ ਦੇ ਗੁਆਂਢੀ ਸੂਬਿਆਂ ਨੂੰ ਉਦਯੋਗ ਲਈ ਵਿਸ਼ੇਸ਼ ਟੈਕਸ ਛੂਟ ਪੈਕਜ ਦਿੱਤਾ ਗਿਆ, ਜਿਸ ਦਾ ਪੰਜਾਬ ਦੇ ਉਦਯੋਗ ਜਗਤ ‘ਤੇ ਬੁਰਾ ਪ੍ਰਭਾਵ ਪਿਆ। ਉਦਯੋਗਪਤੀਆਂ ਅਤੇ ਵਾਪਾਰੀਆਂ ਨੂੰ ਪੰਜਾਬ ਦੇ ਗੁਆਂਢੀ ਪਹਾੜੀ ਸੂਬਿਆਂ ਵਿੱਚ ਵਾਪਾਰਿਕ ਦ੍ਰਿਸ਼ਟੀਕੋਣ ਨਾਲ ਨਾ ਕੇਵਲ ਵਾਧੂ ਸਹੂਲਤਾਂ ਮਿਲੀਆਂ, ਬਲਕਿ ਅਨੁਕੂਲ ਮਹੌਲ ਸਮੇਤ ਹੋਰ ਕਈ ਤਰਾਂ ਦੇ ਰਾਹਤ ਪੈਕਜ ਵੀ ਦਿੱਤੇ। ਇਸ ਕਾਰਨ ਪੰਜਾਬ ਦੇ ਵਾਪਾਰੀਆਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਲਈ ਆਪਣੇ ਗੁਆਂਢੀਆਂ ਸਾਹਮਣੇ ਕਾਰੋਬਾਰੀ ਮੁਕਾਬਲੇ ਵਿੱਚ ਟਿਕੇ ਰਹਿਣਾ ਔਖਾ ਹੋ ਗਿਆ ਅਤੇ ਉਹ ਵੀ ਆਪਣਾ ਕਾਰੋਬਾਰ ਪੜੌਸੀ ਰਾਜਾਂ ਵਿੱਚ ਲੈ ਕੇ ਜਾਣ ਲਈ ਮਜ਼ਬੂਰ ਹੋ ਗਏ।
ਉਨਾਂ ਕਿਹਾ ਕਿ ਵਾਜਪਾਈ ਸਰਕਾਰ ਵਿੱਚ ਪੰਜਾਬ ਦੇ ਗੁਆਂਢੀ ਰਾਜਾਂ ਵਿੱਚ ਇਸ ਫ਼ੈਸਲੇ ਦੇ ਲਾਗੂ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੌਜ਼ੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕੇਂਦਰ ਵਿੱਚ ਉਦਯੋਗ ਮੰਤਰੀ ਸਨ। ਪੰਜਾਬ ਦਾ ਉਦਯੋਗ ਜਗਤ ਉਸ ਤੋਂ ਬਾਅਦ ਵਿਕਾਸ ਦੀ ਪਟੜੀ ‘ਤੇ ਨਹੀਂ ਆ ਸਕਿਆ।
ਅਮਨ ਅਰੋੜਾ ਨੇ ਕਿਹਾ ਪੰਜਾਬ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ਵਿੱਚ ਸ਼ਾਮਲ ਹੈ ਕਿਉਂਕਿ ਬਿਜਲੀ ‘ਤੇ ਸੂਬਾ ਸਰਕਾਰ ਵੱਲੋਂ ਵਸੂਲਿਆ ਜਾਂਦਾ 20 ਫ਼ੀਸਦੀ ਟੈਕਸ ਚੰਡੀਗੜ, ਹਰਿਆਣਾ, ਹਿਮਾਚਲ ਅਤੇ ਦਿੱਲੀ ਸਮੇਤ ਹੋਰ ਥਾਵਾਂ ਤੋਂ ਕਿਤੇ ਜ਼ਿਆਦਾ ਹੈ। ਇਸ ਦਾ ਸਿੱਧਾ ਅਸਰ ਪੰਜਾਬ ਦੇ ਉਦਯੋਗਾਂ ‘ਤੇ ਪੈਂਦਾ ਹੈ ਅਤੇ ਕਾਰੋਬਾਰੀ, ਵਾਪਾਰੀ ਅਤੇ ਉਦਯੋਗਪਤੀ ਪੰਜਾਬ ਛੱਡ ਕੇ ਹੋਰਨਾਂ ਰਾਜ ਵਿੱਚ ਜਾ ਰਹੇ ਹਨ।
ਅਰੋੜਾ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਰਾਜ ਵਿੱਚ ਪੰਜਾਬ ਵਿੱਚ ਮਾਫ਼ੀਆ ਅਤੇ ਭ੍ਰਿਸ਼ਟ ਇੰਸਪੈਕਟਰੀ ਰਾਜ ਕਾਇਮ ਹੋਇਆ ਅਤੇ ਦਿਨ ਪ੍ਰਤੀ ਦਿਨ ਵਧਦਾ ਫੁਲਦਾ ਗਿਆ। ਮਾਫੀਆ ਰਾਜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਗਹਿਰੀ ਸੱਟ ਮਾਰੀ ਅਤੇ ਇੱਥੇ ਗੈਂਗਸਟਰਾਂ ਦੀ ਗਿਣਤੀ ਨਾਲ ਅਪਰਾਧ ਸਿਖਰ ‘ਤੇ ਪੁੱਜ ਗਿਆ। ਅਸ਼ਾਂਤੀ ਵਧਣ ਨਾਲ ਵਾਪਾਰ ਦੇ ਅਨੁਕੂਲ ਮਹੌਲ ਨਹੀਂ ਰਿਹਾ। ਉਨਾਂ ਕਿਹਾ ਕਿ ਵਰਤਮਾਨ ਵਿੱਚ ਪੰਜਾਬ ਦਾ ਉਦਯੋਗ ਵੈਂਟੀਲੇਟਰ ‘ਤੇ ਹੈ, ਪਰ ਸੱਤਾਧਾਰੀ ਕਾਂਗਰਸ ਨੇ ਉਦਯੋਗ ਜਗਤ ਦੇ ਵਿਕਾਸ ਲਈ ਕੋਈ ਸੁਚੱਜੇ ਕਦਮ ਨਹੀਂ ਚੁੱਕੇ।

English






