ਮੈਗਾ ਕੋਵਿਡ ਟੀਕਾਕਰਨ ਕੈੰਪ: ਜ਼ਿਲ੍ਹੇ ਵਿਚ ਦੂਜੇ ਦਿਨ 2347 ਨੇ ਲਗਵਾਇਆ ਟੀਕਾ

ਕੋਵਿਡ ਟੀਕਾਕਰਨ
ਮੈਗਾ ਕੋਵਿਡ ਟੀਕਾਕਰਨ ਕੈੰਪ: ਜ਼ਿਲ੍ਹੇ ਵਿਚ ਦੂਜੇ ਦਿਨ 2347 ਨੇ ਲਗਵਾਇਆ ਟੀਕਾ
ਸਿਵਲ ਸਰਜਨ ਵਲੋਂ ਕੈਂਪਾਂ ਦੀ ਸਫ਼ਲਤਾ ’ਤੇ ਸਿਹਤ ਕਾਮਿਆਂ ਦਾ ਧਨਵਾਦ
ਮੋਹਾਲੀ, 21 ਨਵੰਬਰ 2021
‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਜ਼ਿਲ੍ਹੇ ਵਿਚ ਜੰਗੀ ਪੱਧਰ ’ਤੇ ਚੱਲ ਰਹੀ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿਚ ਦੂਜੇ ਦਿਨ ਵੀ ਮੈਗਾ ਟੀਕਾਕਰਨ ਕੈਂਪ ਲਗਾਏ ਗਏ। ਕੈਂਪਾਂ ਦਾ ਸਮਾਂ ਸਵੇਰੇ 11 ਵਜੇ  ਤੋਂ ਸ਼ਾਮ 5 ਵਜੇ ਤਕ ਰਿਹਾ ਜਦਕਿ ਕਲ ਪਹਿਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਟੀਕਾਕਰਨ ਜਾਰੀ ਰਿਹਾl ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਨਿਚਰਵਾਰ ਅਤੇ ਐਤਵਾਰ ਨੂੰ ਦੋ ਦਿਨ ਇਹ ਕੈਂਪ ਲਗਾਏ ਗਏ। ਉਨ੍ਹਾਂ ਕੈਂਪਾਂ ਦੀ ਸਫ਼ਲਤਾ ’ਤੇ ਸਿਹਤ ਕਾਮਿਆਂ ਦਾ ਦਿਲੋਂ ਧਨਵਾਦ ਕੀਤਾ। ਉਨ੍ਹਾਂ ਦਸਿਆ ਕਿ ਅੱਜ ਦੂਜੇ ਦਿਨ 2347 ਜਣਿਆਂ ਨੇ ਟੀਕੇ ਲਗਵਾਏ ਜਿਹਨਾਂ ਵਿਚੋਂ 640 ਨੇ ਪਹਿਲੀ ਤੇ 1707 ਨੇ ਦੂਜੀ ਡੋਜ਼ ਲਗਵਾਈl ਜ਼ਿਲ੍ਹੇ ਵਿਚ ਹੁਣ ਤਕ ਕੁਲ 1315589 ਵਿਅਕਤੀਆਂ ਦਾ ਟੀਕਾਕਰਨ ਹੋ ਚੁੱਕਾ ਹੈl

ਹੋਰ ਪੜ੍ਹੋ :-26 ਨਵੰਬਰ ਤੋਂ ਸੂਬੇ ਭਰ ਵਿੱਚ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਸ਼ੁਰੂ ਹੋਵੇਗੀ -ਸੋਨੀ
 ਉਨ੍ਹਾਂ ਟੀਕਾਕਰਨ ਦੀ ਗਤੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਕਿ ਜ਼ਿਲ੍ਹੇ ਵਿਚ ਏਨੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-ਰੋਕੂ ਵੈਕਸੀਨ ਦੀ ਕੋਈ ਘਾਟ ਨਹੀਂ ਅਤੇ ਲੋਕ  ਵੱਧ ਤੋਂ ਵੱਧ ਗਿਣਤੀ ਵਿਚ ਆ ਕੇ ਟੀਕਾ ਲਗਵਾਉਣ ਖ਼ਾਸਕਰ ਉਹ ਲੋਕ ਜਿਨ੍ਹਾਂ ਨੇ ਦੂਜਾ ਟੀਕਾ ਲਗਾਉਣ ਵਿਚ ਬਹੁਤ ਦੇਰ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ’ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫ਼ਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।