ਚੰਡੀਗੜ੍ਹ ਮੇਅਰ ਦੀ ਚੋਣ ‘ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘ

JARNAIL SINGH
Daylight murder of democracy by BJP in Chandigarh mayoral elections: Jarnail Singh
ਕਿਹਾ, ਭਾਜਪਾ ਨੇ ‘ਆਪ’ ਦੀ ਇੱਕ ਵੋਟ ਨੂੰ ਜ਼ਬਰਦਸਤੀ ਰੱਦ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾ ਕੇ ਜਨਤਾ ਦੇ ‘ਫਤਵੇ’ ਦਾ ਕੀਤਾ ਅਪਮਾਨ
ਭਾਜਪਾ-ਕਾਂਗਰਸ ਵਿਚਾਲੇ ‘ਗੁਪਤ ਸਮਝੌਤਾ’, ਭਾਜਪਾ ਦਾ ਮੇਅਰ ਬਣਾਉਣ ਲਈ ਜਾਣਬੁੱਝ ਕੇ ਵੋਟਿੰਗ ਤੋਂ ਦੂਰ ਰਹੇ ਕਾਂਗਰਸੀ ਕੌਂਸਲਰ : ਰਾਘਵ ਚੱਢਾ
‘ਆਪ’ ਆਗੂ ਨੇ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀਆਂ ਦੇ ‘ਗੁਪਤ ਸਮਝੌਤੇ’ ਤੋਂ ਸੁਚੇਤ ਰਹਿਣ ਦੀ ਵੀ ਕੀਤੀ ਅਪੀਲ

ਚੰਡੀਗੜ੍ਹ, 8 ਜਨਵਰੀ 2022

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਭਾਜਪਾ ’ਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 14 ਸੀਟਾਂ ’ਤੇ ਜੇਤੂ ਬਣਾਇਆ  ਸੀ। ਮੇਅਰ ਦੀ ਚੋਣ ਵਿੱਚ ‘ਆਪ’ ਦੀ ਜਿੱਤ ਯਕੀਨੀ ਸੀ, ਪਰ ਭਾਜਪਾ ਨੇ ਜਾਣਬੁੱਝ ਕੇ ਜਨਤਾ ਦੇ ‘ਫਤਵੇ’ ਦਾ ਅਪਮਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਇੱਕ ਵੋਟ ਰੱਦ ਕਰਵਾ ਕੇ ਧੱਕੇ ਨਾਲ ਆਪਣਾ ਮੇਅਰ ਐਲਾਨ ਦਿੱਤਾ।

ਹੋਰ ਪੜ੍ਹੋ :-ਅਕਾਲੀ ਦਲ ਵੱਲੋਂ ਪੰਜਾਬ ਚੋਣਾਂ ਦੇ ਪ੍ਰੋਗਰਾਮ ਦਾ ਸਵਾਗਤ

ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਲਈ ਹੋਈਆਂ ਚੋਣਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਮੇਅਰ ਚੋਣਾਂ ਵਿੱਚ ‘ਆਪ’ ਨੂੰ ਹਰਾਉਣ ਲਈ ਭਾਜਪਾ ਅਤੇ ਕਾਂਗਰਸ ਵਿਚਾਲੇ ਅੰਦਰੂਨੀ ਸਮਝੌਤਾ ਹੋਇਆ ਹੈ। ਨਿਗਮ ਚੋਣਾਂ ਵਿੱਚ ਸਿਰਫ਼ 12 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਪਾਰਟੀ ਦੇ ਇੱਕ ਕੌਂਸਲਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਸੰਸਦ ਮੈਂਬਰ ਦੀ ਇੱਕ ਵੋਟ ਸ਼ਾਮਲ ਕਰਕੇ ਭਾਜਪਾ ਦੀ ਵੋਟ ਦਾ ਅੰਕੜਾ 14 ਤੱਕ ਪਹੁੰਚ ਗਿਆ ਅਤੇ ਇਹਨਾਂ 14 ਵੋਟਾਂ ਨਾਲ ‘ਆਪ’ ਦੀਆਂ 14 ਵੋਟਾਂ ਦੀ ਬਰਾਬਰੀ ਕਰ ਲਈ।  ਪਰ ਭਾਜਪਾ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜ਼ਬਰਦਸਤੀ ਆਪਣੇ ਉਮੀਦਵਾਰ ਨੂੰ ਮੇਅਰ ਬਣਾ ਦਿੱਤਾ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਅਰ ਦੀ ਚੋਣ ਵਿੱਚ ਲੋਕਤੰਤਰ ਦੀ ਮਰਿਆਦਾ ਨੂੰ ਢਾਹ ਲਾ ਕੇ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਦੇ ਅਧਿਕਾਰੀਆਂ ’ਤੇ ਭਾਜਪਾ ਦੀ ਮਦਦ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੇਅਰ ਦੀ ਚੋਣ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਾਵੇ ਅਤੇ ਮੇਅਰ ਦੀ ਮੁੜ ਚੋਣ ਕਰਵਾਈ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਕਾਨੂੰਨੀ ਕਾਰਵਾਈ ਕਰੇਗੀ।

ਇਸ ਮੌਕੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਮੇਅਰ ਦੀ ਚੋਣ ਭਾਜਪਾ ਅਤੇ ਕਾਂਗਰਸ ਦੇ ‘ਗੁਪਤ ਗਠਜੋੜ’ ਦੇ ਆਧਾਰ ‘ਤੇ ਲੜੀ ਸੀ। ਦੋਵਾਂ ਪਾਰਟੀਆਂ ਨੇ ‘ਆਪ’ ਨੂੰ ਮੇਅਰ ਦੀ ਦੌੜ ‘ਚੋਂ ਬਾਹਰ ਰੱਖਣ ਲਈ ‘ਗੁਪਤ ਸਮਝੌਤਾ’ ਕੀਤਾ ਅਤੇ ਜਾਣਬੁੱਝ ਕੇ ‘ਆਪ’ ਦੇ ਇਕ ਕੌਂਸਲਰ ਦੀ ਵੋਟ ਰੱਦ ਕਰਵਾ ਕੇ ਭਾਜਪਾ ਨੇ ਆਪਣਾ ਮੇਅਰ ਬਣਾ ਦਿੱਤਾ।  ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ‘ਆਪ’ ਦਾ ਮੇਅਰ ਬਣਨਾ ਬਰਦਾਸ਼ਤ ਨਹੀਂ ਸੀ।  ਇਸੇ ਲਈ ‘ਗੁਪਤ ਸਮਝੌਤੇ’ ਤਹਿਤ ਕਾਂਗਰਸ ਨੂੰ ਮੇਅਰ ਚੋਣਾਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਕੌਂਸਲਰਾਂ ਨੂੰ ਇਤਰਾਜ਼ ਉਠਾਉਣ ਲਈ ਬੋਲਣ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਸ ਵਿਅਕਤੀ ਨੂੰ ਮੇਅਰ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਸੀ, ਉਹ ਭਾਜਪਾ ਦਾ ਹੀ ਕੌਂਸਲਰ ਸੀ। ਇਸ ਦੇ ਨਾਲ ਹੀ ਮੇਅਰ ਦੀ ਚੋਣ ਦੀ ਨਿਗਰਾਨੀ ਕਰ ਰਹੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੀ ਭਾਜਪਾ ਨੂੰ ਮੇਅਰ ਬਣਾਉਣ ਲਈ ਪੂਰੀ ਵਾਹ ਲਾ ਰਹੇ ਸਨ ਅਤੇ ਭਾਜਪਾ ਦੀ ਮਦਦ ਕਰ ਰਹੇ ਸਨ।

‘ਆਪ’ ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਸਿਆਸੀ ਪਾਰਟੀਆਂ ‘ਆਪ’ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਣ ਲਈ ਇਸੇ ਤਰ੍ਹਾਂ ਦਾ ‘ਗੁਪਤ ਸਮਝੌਤਾ’ ਕਰ ਸਕਦੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਇਸੇ ਤਰ੍ਹਾਂ ‘ਗੁਪਤ ਸਮਝੌਤੇ’ ਤਹਿਤ ‘ਆਪ’ ਨੂੰ ਸਰਕਾਰ ਬਣਾਉਣ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਸਮਝਦਾਰੀ ਨਾਲ ਪਾਉਣ, ਕਿਉਂਕਿ ਕਾਂਗਰਸ ਨੂੰ ਮਿਲੀ ਵੋਟ ਭਾਜਪਾ ਦੇ ਖਾਤੇ ਵਿੱਚ ਜਾਵੇਗੀ ਅਤੇ ਇਸ ਦਾ ਲਾਭ ਭਾਜਪਾ ਨੂੰ ਹੀ ਹੋਵੇਗਾ। ‘ਆਪ’ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਵਿਰੁੱਧ ਆਪਣੀ ਲੜਾਈ ਸੜਕ ਤੋਂ ਲੈਕੇ ਸਦਨ ਤੱਕ ਜਾਰੀ ਰੱਖੇਗੀ।  ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਮੇਅਰ ਦੇ ਮਾਮਲੇ ਵਿੱਚ ਅਦਾਲਤ ਦਾ ਬੂਹਾ ਖੜਕਾ ਕੇ ਕਾਨੂੰਨੀ ਲੜਾਈ ਲੜੀ ਜਾਵੇਗੀ। ਇਸ ਮੌਕੇ ‘ਆਪ’ ਦੇ ਦਿੱਲੀ ਤੋਂ ਵਿਧਾਇਕ ਵਿਨੈ ਮਿਸ਼ਰਾ ਵੀ ਮੌਜੂਦ ਸਨ।