ਡੇਂਗੂ ਮਰੀਜਾਂ ਲਈ ਜਿ਼ਲ੍ਹਾ ਫਾਜਿ਼ਲਕਾ ਵਿਚ ਹੈਲਪਲਾਈਨ ਨੰਬਰ ਜਾਰੀ
ਫਾਜਿ਼ਲਕਾ, 27 ਅਕਤੂਬਰ 2021
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਅਗਵਾਈ ਵਿਚ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਅਤੇ ਸਿਹਤ ਵਿਭਾਗ ਫਾਜਿ਼ਲਕਾ ਨੇ ਡੇਂਗੂ ਦੇ ਮਰੀਜਾਂ ਲਈ ਇਕ ਨਵਾਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਅਭੀਜੀਤ ਕਪਲਿਸ਼ ਆਈਏਐਸ ਨੇ ਦੱਸਿਆ ਕਿ ਇਸ ਨੰਬਰ ਤੇ ਫਾਜਿ਼ਲਕਾ ਜਿ਼ਲ੍ਹੇ ਦੇ ਡੇਂਗੂ ਤੋਂ ਪ੍ਰਭਾਵਿਤ ਲੋਕ ਕਾਲ ਕਰਕੇ ਮਦਦ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹੇ ਨਾਲ ਸਬੰਧਤ ਲੋਕ ਜ਼ੋ ਡੇਂਗੂ ਦਾ ਜਿ਼ਲ੍ਹੇ ਅੰਦਰ ਪ੍ਰਾਈਵੇਟ ਜਾਂ ਸਰਕਾਰੀ ਖੇਤਰ ਵਿਚ ਜਾਂ ਜਿ਼ਲ੍ਹੇ ਤੋਂ ਬਾਹਰ ਕਿਤੇ ਵੀ ਇਲਾਜ ਕਰਵਾ ਰਹੇ ਹਨ, ਉਹ ਕਿਸੇ ਵੀ ਮੁਸਕਿਲ ਵੇਲੇ ਇਸ ਡੇਂਗੂ ਹੈਲਪਲਾਈਨ ਨੰਬਰ 78892 64881 ਤੇ ਕਾਲ ਕਰ ਸਕਦੇ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ
ਇਸ ਸਬੰਧੀ ਜਿ਼ਲ੍ਹੇ ਦੇ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਦੱਸਿਆ ਕਿ ਬਹੁਤ ਥੋੜੇ ਡੇਂਗੂ ਦੇ ਮਰੀਜਾਂ ਨੂੰ ਪਲੇਟਲੈਟਸ ਘੱਟਣ ਤੇ ਪਲੇਟਲੈਟਸ ਦੇਣੇ ਪੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਲੈਟਲੈਟਸ ਡਾਕਟਰ ਦੀ ਸਲਾਹ ਅਨੁਸਾਰ ਹੀ ਦੇਣੇ ਚਾਹੀਦੇ ਹਨ ਅਤੇ ਘਬਰਾਉਣਾ ਨਹੀਂ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਜਿਆਦਾਤਰ ਮਰੀਜ ਤਾਂ ਜਿਆਦਾ ਤਰਲ ਪਦਾਰਥ ਲੈ ਕੇ ਅਤੇ ਡਾਕਟਰੀ ਸਲਾਹ ਨਾਲ ਦਵਾਈ ਲੈਕੇ ਆਪਣੇ ਘਰ ਰਹਿ ਕੇ ਹੀ ਡੇਂਗੂ ਦਾ ਇਲਾਜ ਕਰਵਾ ਸਕਦੇ ਹਨ ਅਤੇ ਬਹੁਤ ਥੋੜੇ ਮਰੀਜਾਂ ਨੂੰ ਹਸਪਤਾਲ ਭਰਤੀ ਹੋਣਾ ਪੈਂਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਪਲੈਟਲੈਟਸ ਦੀ ਵੀ ਸਾਰੇ ਮਰੀਜਾਂ ਨੂੰ ਜਰੂਰਤ ਨਹੀਂ ਹੁੰਦੀ ਬਲਕਿ ਜਦ ਇਹ ਪਲੇਟਲੈਟਸ ਬਹੁਤ ਜਿਆਦਾ ਘੱਟ ਜਾਣ ਤਾਂ ਕੇਵਲ ਮਾਹਿਰ ਡਾਕਟਰ ਹੀ ਫੈਸਲਾ ਕਰਦਾ ਹੈ ਕਿ ਕਿਸ ਵੇਲੇ ਪਲੇਟਲੈਟਸ ਦੇਣੀਆਂ ਜਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਪਲੈਟਲੈਟਸ ਵੱਖ ਕਰਨ ਵਾਲੀ ਕਿੱਟ ਸਬੰਧੀ ਵੀ ਇਸ ਹੈਲਪਲਾਈਨ ਰਾਹੀਂ ਮਰੀਜਾਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਡਾਕਟਰੀ ਸਲਾਹ ਵੀ ਦਿੱਤੀ ਜਾਵੇਗੀ।
ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਇਸ ਮੌਕੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਸਫਾਈ ਰੱਖਣ, ਪਾਣੀ ਖੜਾ ਨਾ ਹੋਣ ਦੇਣ, ਮੱਛਰ ਤੋਂ ਬਚਾਓ ਦੇ ਉਪਰਾਲੇ ਕਰਨ, ਡੇਂਗੂ ਦੇ ਲੱਛਣ ਆਉਣ ਤੇ ਤੁਰੰਤ ਮਾਹਿਰ ਡਾਕਟਰ ਨਾਲ ਰਾਬਤਾ ਕਰਨ।

English





