ਫੂਡ ਸੇਫ਼ਟੀ ਟੀਮ ਨੇ ਨਾਭਾ ਵਿਖੇ ਖਾਦ ਪਦਾਰਥਾਂ ਦੇ 9 ਸੈਂਪਲ ਭਰੇ, 12 ਕਿੱਲੋ ਖੋਇਆ ਬਰਫ਼ੀ ਤੇ 15 ਕਿੱਲੋ ਚੰਮ ਚੰਮ ਕਰਵਾਇਆ ਨਸ਼ਟ
ਪਟਿਆਲਾ/ਨਾਭਾ, 25 ਅਕਤੂਬਰ 2021
ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀਆਂ ਹਦਾਇਤਾਂ ‘ਤੇ ਤਿਉਹਾਰੀਂ ਸੀਜ਼ਨ ਦੇ ਮੱਦੇਨਜ਼ਰ ਖਾਣ ਪੀਣ ਵਾਲੇ ਪਦਾਰਥਾਂ ਦੀ ਉੱਚ ਗੁਣਵੱਤਾ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਅੱਜ ਸ਼ਾਮ ਨਾਭਾ ਦੀਆਂ ਵੱਖ ਵੱਖ ਦੁਕਾਨਾਂ ਦਾ ਨਿਰੀਖਣ ਕਰਕੇ 9 ਸੈਂਪਲ ਭਰੇ ਗਏ ਅਤੇ ਕਰੀਬ 12 ਕਿੱਲੋ ਖੋਇਆ ਬਰਫ਼ੀ ਤੇ 15 ਕਿਲੋਂ ਚੰਮ ਚੰਮ ਨੂੰ ਨਸ਼ਟ ਕਰਵਾਇਆ ਗਿਆ।

ਹੋਰ ਪੜ੍ਹੋ :-ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ ’ਤੇ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਇਸ ਛਾਪਾਮਾਰ ਟੀਮ ‘ਚ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਅਤੇ ਪੁਨੀਤ ਸ਼ਰਮਾ ਵੀ ਸ਼ਾਮਲ ਸਨ। ਇਸ ਟੀਮ ਵੱਲੋਂ ਨਾਭਾ ਦੀਆਂ ਚਾਰ ਦੁਕਾਨਾਂ ਦਾ ਨਿਰੀਖਣ ਕਰਕੇ ਕਲਾਕੰਦ, ਛੈਣਾ ਮੁਰਗੀ, ਖੋਇਆ ਬਰਫੀ, ਬੈਸਣ ਲੱਡੂ, ਮਿਲਕ ਕੇਕ, ਕੋਕੋਨਟ ਬਰਫ਼ੀ ਤੇ ਚੰਮ ਚੰਮ ਦੀਆਂ ਮਿਠਾਈਆਂ ਦੇ 9 ਸੈਂਪਲ ਭਰੇ ਗਏ ਹਨ, ਜਿਨ੍ਹਾਂ ਨੂੰ ਖਰੜ ਫੂਡ ਲੈਬਾਰਟਰੀ ਵਿਖੇ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ 12 ਕਿੱਲੋ ਖੋਇਆ ਬਰਫ਼ੀ ਤੇ 15 ਕਿੱਲੋ ਚੰਮ ਚੰਮ ਨੂੰ ਨਸ਼ਟ ਕਰਵਾਇਆ ਗਿਆ ਹੈ ਤੇ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਨਿਯਮਾਂ ਤੇ ਸਫ਼ਾਈ ਦਾ ਖਾਸ ਖਿਆਲ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਪਟਿਆਲਾ ਵਾਸੀਆਂ ਨੂੰ ਤਿਉਹਾਰਾਂ ਦੇ ਸੀਜਨ ‘ਚ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲਕੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਫੋਟੋ ਕੈਪਸ਼ਨ-ਸਿਹਤ ਵਿਭਾਗ ਪਟਿਆਲਾ ਦੀ ਫੂਡ ਸੇਫਟੀ ਟੀਮ ਮਿਠਾਈਆਂ ਦੇ ਸੈਂਪਲ ਭਰਦੇ ਹੋਏ।

English






