ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਚੰਡੀਗੜ੍ਹ ਵਿਖੇ ਮੈਡੀਕਲ ਚੈਕਅਪ ਉਪਰੰਤ ਦਿਵਿਆਂਗਤਾ ਸਰਟੀਫਿਕੇਟ ਬਣਾਏ

ਰੂਪਨਗਰ, 16 ਸਤੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਦਿਵਿਆਂਗ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ  ਦਿਵਿਆਂਗਤਾ ਸਰਟੀਫਿਕੇਟ ਜਾਰੀ ਕੀਤੇ ਜਾਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀਮਤੀ ਅੰਮ੍ਰਿਤ ਬਾਲਾ ਨੇ ਦੱਸਿਆ ਕਿ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਰੂਪਨਗਰ ਸ. ਗੁਰਸੋਹਣ ਸਿੰਘ ਅਤੇ ਦਫਤਰ ਸਟਾਫ ਅਮਨਦੀਪ ਸੈਣੀ ਅਤੇ ਤਰਸੇਮ ਲਾਲ ਵੱਲੋਂ ਰੂਪਨਗਰ ਜ਼ਿਲ੍ਹੇ ਦੇ 11 ਮਾਨਸਿਕ ਦਿਵਿਆਂਗ ਬੱਚਿਆਂ/ਵਿਅਕਤੀਆਂ ਦਾ ਸੈਕਟਰ 32, ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਆਈ.ਕਿਊ. ਸਬੰਧੀ ਡਾਕਟਰੀ ਮੁਆਇਨਾ ਕਰਵਾਇਆ ਗਿਆ।
ਸਰਕਾਰੀ ਹਸਪਤਾਲ ਸੈਕਟਰ 32 ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਇਨ੍ਹਾਂ ਨੂੰ ਚੈੱਕ ਕੀਤਾ ਜਿਨ੍ਹਾਂ ਵਿੱਚੋਂ 9 ਦੇ ਮਾਨਸਿਕ ਦਿਵਿਆਂਗਤਾ ਦੇ ਸਰਟੀਫਿਕੇਟ ਬਣ ਗਏ ਅਤੇ ਬਾਕੀ 02 ਸਬੰਧੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਉਨ੍ਹਾਂ ਦਾ ਇਲਾਜ ਸੰਭਵ ਹੈ। ਜਿਨ੍ਹਾਂ ਮਾਨਸਿਕ ਦਿਵਿਆਂਗਾਂ ਦੇ ਦਿਵਿਆਂਗਤਾ ਸਰਟੀਫਿਕੇਟ ਨਹੀਂ ਬਣੇ ਹਨ,  ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਨਾਲ ਚੰਡੀਗੜ੍ਹ ਵਿਖੇ ਸਮੇਂ-ਸਮੇਂ ਸਿਰ ਲੈ ਕੇ ਜਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸੇ ਵੀ ਦਫਤਰੀ ਕੰਮ ਕਾਜ ਵਾਲੇ ਦਿਨ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਰੂਪਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।