ਗੁਰਦਾਸਪੁਰ, 29 ਮਈ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਾਲ 2017 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਗਰਭਵਤੀ ਅੋਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਨਵ ਜੰਮਿਆਂ ਬੱਚਿਆਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਰੱਖਣਾ ਹੈ। ਜ਼ਿਲੇ ਅੰਦਰ ਚੱਲ ਰਹੀ ਇਸ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤਕ 41 ਹਜ਼ਾਰ 83 ਲਾਭਪਾਤਰੀ ਇਸ ਸਕੀਮ ਅਧੀਨ ਕਵਰ ਕੀਤੇ ਜਾ ਚੁੱਕੇ ਹਨ, ਜਿਨਾਂ ਨੂੰ 14,80,10,000 ਰੁਪਏ ਦੀ ਰਾਸ਼ੀ ਦੀ ਵੰਡ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਆਪਣੇ ਪਹਿਲੇ ਜੀਵਤ ਬੱਚੇ ਦੇ ਜਨਮ ਤੇ 5 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਵਿਚ (2000,2000,1000) ਸਕੀਮ ਅਧੀਨ ਖਾਸ ਸ਼ਰਤਾਂ ਦੀ ਪੂਰਤੀ ਅਧੀਨ ਪ੍ਰਾਪਤ ਹੁੰਦੇ ਹਨ ਅਤੇ ਇਸ ਰਾਸ਼ੀ ਦੀ ਸਿੱਧੀ ਅਦਾਇਗੀ ਸਿੱਧੇ ਤੋਰ ਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਕੀਤੀ ਜਾਂਦੀ ਹੈ।
ਇਸ ਮੌਕੇ ਸੁਮਨਦੀਪ ਕੋਰ, ਜ਼ਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ ਕੋਲ ਸਿਹਤ ਵਿਭਾਗ ਵਲੋਂ ਜਾਰੀ ਜੱਚਾ-ਬੱਚਾ ਕਾਰਡ ਜਾਂ ਇਸ ਦੇ ਬਰਾਬਰ ਦਾ ਕੋਈ ਵੀ ਦਸਤਾਵੇਜ਼, ਆਧਾਰ ਕਾਰਡ, ਪਤੀ ਦਾ ਆਧਾਰ ਕਾਰਡ, ਲਾਭਪਾਤਰੀ ਦੇ ਆਪਣੇ ਨਾਂਅ ਤੇ ਆਪਣਾ ਖਾਤਾ ਜੋ ਕਿ ਆਧਾਰ ਕਾਰਡ ਨਾਲ ਸੀਡਿਡ ਹੋਵੇ ਖੁੱਲਿਆ ਹੋਣਾ ਲਾਜ਼ਮੀ ਹੈ।

English






