ਮੋਹਾਲੀ, 12 ਅਕਤੂਬਰ 2021
ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਈਵੀਐਮ ਵੇਅਰਹਾਊਸ, ਉਦਯੋਗਿਕ ਖੇਤਰ ਫੇਜ਼-7 ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਅਤੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰਾਇਲ ਦੀ ਪਹਿਲੀ ਪੱਧਰੀ ਜਾਂਚ (ਐਫਐਲਸੀ) ਦਾ ਨਿਰੀਖਣ ਕੀਤਾ।
ਹੋਰ ਪੜ੍ਹੋ :-ਸੂਬਾ ਕਮੇਟੀ ਪੀ ਐਸ ਐਮ ਐਸ ਯੂ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਲਮ ਛੋੜ ਹੜਤਾਲ ਪੰਜਵੇਂ ਦਿਨ ਵੀ ਰਹੀ ਜਾਰੀ
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਕਾਲੀਆ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੇ ਪੱਧਰ ਦੀ ਜਾਂਚ ਦੇ ਕੰਮ ਦਾ ਮੁਆਇਨਾ ਕੀਤਾ। ਉਨ੍ਹਾਂ ਭਾਰਤ ਇਲੈਕਟ੍ਰਿਕ ਲਿਮਟਿਡ (ਬੀਈਐਲ) ਦੇ ਇੰਜੀਨੀਅਰਾਂ ਨਾਲ ਵਿਸਤਾਰ ਵਿੱਚ ਗੱਲਬਾਤ ਕੀਤੀ, ਜਿਨ੍ਹਾਂ ਨੂੰ ਇਨ੍ਹਾਂ ਮਸ਼ੀਨਾਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ੍ਰੀਮਤੀ ਕਾਲੀਆ ਨੇ ਕਿਹਾ ਕਿ ਇਸ ਨਿਰੀਖਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੋਲਿੰਗ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਰੀਆਂ ਮਸ਼ੀਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਵਰਤੀਆਂ ਜਾਣਗੀਆਂ ਅਤੇ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ 1764 ਬੈਲਟ ਯੂਨਿਟਾਂ, 1284 ਕੰਟਰੋਲ ਯੂਨਿਟਾਂ ਅਤੇ 1383 ਵੀਵੀਪੈਟਸ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਪ੍ਰਕਿਰਿਆ ਦੋ ਹਫ਼ਤਿਆਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਇਹ ਅਭਿਆਸ ਸਭ ਤੋਂ ਮਹੱਤਵਪੂਰਨ ਕਾਰਜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਾਰਨ ਕਰਕੇ ਈਸੀਆਈ ਨੇ ਇਹ ਕਵਾਇਦ ਅਗਾਊਂ ਅਰੰਭਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਸਟ ਲੈਵਲ ਚੈਕਿੰਗ ਦੌਰਾਨ ਸੀਸੀਟੀਵੀ/ਵੀਡੀਓਗ੍ਰਾਫੀ ਦੇ ਨਾਲ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਰਾਜਨੀਤਕ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਚੈਕਿੰਗਾਂ ਦੌਰਾਨ ਆਪਣੇ ਪ੍ਰਤੀਨਿਧੀ ਭੇਜਣ ਤਾਂ ਜੋ ਸਮੁੱਚੇ ਕੰਮ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ।
ਸ੍ਰੀਮਤੀ ਕਾਲੀਆ ਨੇ ਅੱਗੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਇਸ ਗਤੀਵਿਧੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਜ਼ਮੀਨੀ ਪੱਧਰ ‘ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਹਲਕਿਆਂ ਵਿੱਚ 143 ਨਵੇਂ ਪੋਲਿੰਗ ਸਟੇਸ਼ਨ ਜੋੜੇ ਗਏ ਹਨ, ਜਿਨ੍ਹਾਂ ਦੀ ਗਿਣਤੀ 759 ਤੋਂ ਵਧ ਕੇ 902 ਹੋ ਗਈ ਹੈ। ਇਨ੍ਹਾਂ ਨਵੇਂ ਪੋਲਿੰਗ ਸਟੇਸ਼ਨਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਸੰਜੇ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਨੁਮਾਇੰਦੇ ਅਮਰਦੀਪ ਸਿੰਘ, ਬਸਪਾ ਦੇ ਸੁਖਦੀਪ ਸਿੰਘ, ‘ਆਪ’ ਦੇ ਬਹਾਦਰ ਸਿੰਘ ਚਾਹਲ ਅਤੇ ਭਾਜਪਾ ਦੇ ਅਮਰੀਕ ਸ਼ਾਮਲ ਸਨ।

English






