—ਜ਼ਿਲ੍ਹਾ ਬਰਨਾਲਾ ਦੇ ਹਿੱਸੇ 2 ਰਾਜ ਪੱਧਰੀ ਪੁਰਸਕਾਰ
ਬਰਨਾਲਾ, 1 ਦਸੰਬਰ :-
ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਜ਼ਿਲ੍ਹਾ ਬਰਨਾਲਾ ਦੇ ਹਿੱਸੇ ਦੋ ਰਾਜ ਪੱਧਰੀ ਪੁਰਸਕਾਰ ਆਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਦੀ ਚੋਣ ਰਾਜ ਪੱਧਰੀ ਪੁੁਰਸਕਾਰ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਦਿਆਰਥੀ ਜਤਿਨ ਕੁਮਾਰ ਵਾਸੀ ਸੰਧੂ ਪੱਤੀ ਬਰਨਾਲਾ ਦੀ ਚੋਣ ਵੀ ਰਾਜ ਪੱਧਰੀ ਪੁਰਸਕਾਰ ਲਈ ਹੋਈ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਖੁਦ ਦਿਵਿਆਂਗ ਹੋਣ ਦੇ ਬਾਵਜੂਦ ਸਿਹਤ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਲਈ ਯਤਨਸ਼ੀਲ ਹਨ। ਉਨ੍ਹਾਂ ਦੀ ਅਗਵਾਈ ’ਚ ਯੂਡੀਆਈਡੀ ਬਣਾਉਣ ਲਈ ਸਿਵਲ ਹਸਪਤਾਲ ’ਚ ਹਰ ਹਫਤੇ ਕੈਂਪ ਲਾਏ ਜਾ ਰਹੇ ਹਨ, ਜਿਸ ਬਦੌਲਤ ਜ਼ਿਲ੍ਹਾ ਬਰਨਾਲਾ ਯੂਡੀਆਈਡੀ ’ਚ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਵੱਲੋਂ ਦਿਵਿਆਂਗਜਨਾਂ ਦੀ ਭਲਾਈ ਲਈ ਹੋਰ ਵੀ ਕਈ ਵੱਡੇ ਕਦਮ ਪੁੱਟੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਵਿਆਂਗ ਵਿਦਿਆਰਥੀ ਜਤਿਨ ਕੁਮਾਰ (19 ਸਾਲ) ਪੁੱਤਰ ਰਵਿੰਦਰ ਕੁਮਾਰ ਵਾਸੀ ਸੰਧੂ ਪੱਤੀ ਬਰਨਾਲਾ ਦੀ ਵੀ ਚੋਣ ਰਾਜ ਪੱਧਰੀ ਪੁਰਸਕਾਰ ਲਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਟੇਟ ਐਵਾਰਡਾਂ ਲਈ ਚੋਣ ਰਾਜ ਪੱਧਰੀ ਕਮੇਟੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ 3 ਦਸੰਬਰ ਨੂੰ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਦਿਵਿਆਂਗਜਨਾਂ ਨੂੰ ਸਨਮਾਨਿਤ ਕਰਨ ਲਈ ਰਾਜ ਪੱਧਰੀ ਸਮਾਗਮ ਕਰਾਇਆ ਜਾਵੇਗਾ।

English






