ਉਪ ਮੁੱਖ ਮੰਤਰੀ ਰੰਧਾਵਾ ਤੇ ਵਿਧਾਇਕਾਂ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ

CM Randhawa
Dy CM Randhawa and other MLAs detained by UP Police
ਪੰਜਾਬ ਸਰਕਾਰ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ: ਰੰਧਾਵਾ
ਚੰਡੀਗੜ੍ਹ, 4 ਅਕਤੂਬਰ 2021

ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਵਿਧਾਇਕਾਂ ਨੂੰ ਅੱਜ ਸ਼ਾਮ ਉਤਰ ਪ੍ਰਦੇਸ਼ ਪੁਲਿਸ ਵੱਲੋਂ ਜਬਰੀ ਹਿਰਾਸਤ ਵਿੱਚ ਲਿਆ ਗਿਆ।

ਹੋਰ ਪੜ੍ਹੋ :-ਯੋਗੀ ਅਤੇ ਮੋਦੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵਸੀ: ਰਾਘਵ ਚੱਢਾ

ਸ. ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰਨਾਂ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਨੂੰ ਉਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਸਹਰਾਨਪੁਰ ਦੇ ਸਰਸਾਵਾਂ ਪੁਲਿਸ ਥਾਣੇ ਲੈ ਗਈ।
ਉਪ ਮੁੱਖ ਮੰਤਰੀ ਤੇ ਵਿਧਾਇਕ ਪੀੜਤ ਪਰਿਵਾਰਾਂ ਨੂੰ ਮਿਲਣ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਜਾਣਾ ਚਾਹੁੰਦੇ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਸ. ਰੰਧਾਵਾ ਦੇ ਲਖਨਊ ਹਵਾਈ ਅੱਡੇ ਉਤੇ ਪਹੁੰਚਣ ਉਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਕਾਰਨ ਸ. ਰੰਧਾਵਾ ਵੱਲੋਂ ਬਾਕੀ ਵਿਧਾਇਕਾਂ ਦੇ ਨਾਲ ਸੜਕ ਰਾਸਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ।
ਉਤਰ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਸ. ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ।
ਉਪ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਲ੍ਹਿਆ ਵਾਲਾ ਬਾਗ ਦਾ ਦੁਖਾਂਤਕ ਸਾਕਾ ਦੁਹਰਾਇਆ ਜਿਸ ਲਈ ਕੇਂਦਰ ਸਰਕਾਰ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਕਤਈ ਮੁਆਫੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਬਰ ਜ਼ੁਲਮ ਖਿਲਾਫ ਪੰਜਾਬ ਸਰਕਾਰ ਹਰ ਮੁਹਾਜ਼ ਉਤੇ ਆਵਾਜ਼ ਬੁਲੰਦ ਕਰੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਸ. ਰੰਧਾਵਾ ਨੇ ਪੀੜਤਾਂ ਨੂੰ ਨਿਆਂ ਦੇਣ ਦਾ ਵਾਅਦਾ ਕਰਦਿਆਂ ਕਿਸਾਨਾਂ ਨੂੰ ਹਰ ਕੀਮਤ ‘ਤੇ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
———
ਫੋਟੋ ਕੈਪਸ਼ਨਾਂ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਵਿਧਾਇਕਾਂ ਨੂੰ ਉਤਰ ਪ੍ਰਦੇਸ਼ ਪੁਲਿਸ ਹਿਰਾਸਤ ਵਿੱਚ ਲੈਂਦੀ ਹੋਈ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕਾਂ ਸੋਮਵਾਰ ਨੂੰ ਉਤਰ ਪ੍ਰਦੇਸ਼ ਲਈ ਰਵਾਨਾ ਹੁੰਦੇ ਹੋਏ