ਜਸਟਿਸ ਜਸਬੀਰ ਸਿੰਘ ਨੇ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੱਦਾ
ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕੀਤਾ ਜਾਵੇ, ਸ਼ਹਿਰਾਂ ਵਿਚ ਲੱਗਣ ਸੀਵਰੇਜ ਟਰੀਟਮੈਂਟ ਪਲਾਂਟ
ਤਰਨਤਾਰਨ, 23 ਅਗਸਤ, 2022 —
ਤਰਨਤਾਰਨ ਜਿਲ੍ਹੇ ਵਿਚ ਸਫਾਈ ਦੇ ਪੱਧਰ, ਕੂੜਾ ਪ੍ਰਬੰਧਨ, ਸੀਵਰੇਜ ਸਿਸਟਮ ਦੀ ਹਾਲਤ, ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਹੋਰ ਅਹਿਮ ਵਿਸ਼ੇ ਜੋ ਕਿ ਵਾਤਾਵਰਣ ਨਾਲ ਸਿੱਧੇ ਤੌਰ ਉਤੇ ਸਬੰਧਤ ਹਨ, ਦਾ ਜਾਇਜ਼ਾ ਲੈਣ ਲਈ ਅੱਜ ਨੈਸਨਲ ਗ੍ਰੀਨ ਟਿ੍ਰਬਿਊਨਲ ਦੀ ਨਿਗਰਾਨ ਕਮੇਟੀ ਚੇਅਰਮੈਨ ਜਸਟਿਸ (ਸੇਵਾਮੁਕਤ) ਸ. ਜਸਬੀਰ ਸਿੰਘ ਦੀ ਅਗਵਾਈ ਹੇਠ ਜਾਇਜਾ ਲੈਣ ਲਈ ਤਰਨਤਾਰਨ ਪੁੱਜੀ। ਇਸ ਮੌਕੇ ਕਮੇਟੀ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਾਰੇ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਜਰੂਰੀ ਹਦਾਇਤਾਂ ਦਿੱਤੀਆਂ।
ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਨਿਰਮਾਣ ਕਾਰਜਾਂ ਲਈ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ ਅਤੇ ਉਨਾਂ ਨੂੰ ਨਿਸ਼ਚਿਤ ਕੀਮਤ ‘ਤੇ ਸੋਧੇ ਹੋਏ ਪਾਣੀ ਦੀ ਸਪਲਾਈ ਕਰਨ ਦੀ ਸਪਲਾਈ ਦਿੱਤੀ ਜਾਵੇ। ਇਸੇ ਤਰਾਂ ਸ਼ਹਿਰਾਂ ਦੀ ਸੜਕਾਂ ਉਤੇ ਝਾੜੂ ਲਗਾਉਣ ਤੋਂ ਪਹਿਲਾਂ ਇਸੇ ਪਾਣੀ ਦਾ ਹੀ ਛਿੜਕਾਅ ਕੀਤਾ ਜਾਵੇ, ਤਾਂ ਜੋ ਕੂੜਾ ਹਵਾ ਵਿਚ ਨਾ ਉਡੇ।
ਕਮੇਟੀ ਦੇ ਚੇਅਰਮੈਨ, ਜਿਨ੍ਹਾਂ ਨਾਲ ਕਮੇਟੀ ਦੇ ਮੈਂਬਰ ਸਾਬਕਾ ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ ਅਤੇ ਸ੍ਰੀ ਬਾਬੂ ਰਾਮ ਵੀ ਸ਼ਾਮਿਲ ਸਨ, ਨੇ ਕਿਹਾ ਕਿ ਪਿੰਡਾਂ ਵਿਚ ਸੀਚੇਵਾਲ ਮਾਡਲ ਜਾਂ ਥਾਪਰ ਮਾਡਲ ਛੱਪੜ ਵਿਕਸਤ ਕਰਕੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਲਈ ਵੀ ਵਰਤਿਆ ਜਾਵੇ, ਜਿਸ ਨਾਲ ਇਕ ਤਾਂ ਛੱਪੜਾਂ ਵਿਚ ਪਾਣੀ ਜਮਾ ਨਹੀਂ ਹੋਵੇਗਾ, ਦੂਸਰਾ ਖੇਤੀ ਲਈ ਧਰਤੀ ਹੇਠਲੇ ਪਾਣੀ ਦੀ ਕੀਤੀ ਜਾ ਰਹੀ ਅੰਨੀ ਵਰਤੋਂ ਘੱਟ ਹੋਵੇਗੀ, ਜੋ ਕਿ ਭਵਿੱਖ ਦੀਆਂ ਜ਼ਰੂਰਤਾਂ ਲਈ ਬਹੁਤ ਜਰੂਰੀ ਹੈ।
ਜਸਟਿਸ ਜਸਬੀਰ ਸਿੰਘ ਨੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡੰਪ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਚਾਰਦਿਵਾਰੀ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਗਰੀਨ ਬੈਲਟ ਵਿੱਚ ਪੌਦੇ ਵੀ ਲਗਾਏ ਜਾਣ। ਉਨਾਂ ਨੇ ਕਿਹਾ ਕਿ ਹਰੇਕ ਘਰ ਵਿਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਕੂੜੇ ਵਾਲੀ ਗੱਡੀਆਂ ਵਿੱਚ ਇਕ ਹੋਰ ਡੱਬਾ ਲਗਾਇਆ ਜਾਵੇ, ਜਿਸ ਵਿਚ ਇਲੈਕਟ੍ਰਾਨਿਕ ਦਾ ਸਾਮਾਨ ਇਕੱਠਾ ਕੀਤਾ ਜਾਵੇੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਅੰਦਰ ਘੱਟ ਤੋਂ ਘੱਟ ਦੋ ਵਾਰ ਰੋਜ਼ਾਨਾ ਮੈਨੂਅਲ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਚੇਅਰਮੈਨ ਨਿਗਰਾਨ ਕਮੇਟੀ ਨੇ ਕਿਹਾ ਕਿ ਪਿੰਡਾਂ ਵਿਚ ਮਰੇ ਹੋਏ ਪਸ਼ੂਆਂ ਨੂੰ ਦਫਨਾਉਣ ਦੇ ਉਚਿਤ ਪ੍ਰਬੰਧ ਹੋਣ ਤੇ ਹੱਡਾਰੋੜੀਆਂ ਦੇ ਆਲੇ ਦੁਆਲੇ ਚਾਰ-ਦਿਵਾਰੀ ਕੀਤੀ ਜਾਵੇ। ਜਸਟਿਸ ਜਸਬੀਰ ਸਿੰਘ ਨੇ ਈ ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਵੱਧ ਤੋਂ ਵੱਧ ਚਾਲਾਨ ਕੀਤੇ ਜਾਣ, ਤਾਂ ਜੋ ਦੁਕਾਨਦਾਰ ਇਸ ਦੀ ਵਰਤੋਂ ਨਾ ਕਰ ਸਕਣ।
ਕਮੇਟੀ ਦੇ ਚੇਅਰਮੈਨ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟਾਂ, ਸੀਵਰੇਜ ਟ੍ਰੀਟਮੈਂਟ ਪਲਾਂਟ, ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀ.), ਸੋਰਸ ਸੈਗਰੀਗੇਸਨ ਅਤੇ ਹੋਰ ਕਾਰਜਾਂ ਨੂੰ ਸਮੇਂ ਸਿਰ ਕੰਮ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਸਾਬਕਾ ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ ਨੇ ਕਿਹਾ ਕਿ ਇਹ ਕੰਮ ਕੇਵਲ ਸਾਡੀ ਡਿਊਟੀ ਨਹੀਂ, ਬਲਕਿ ਸਾਡਾ ਸਭ ਤੋਂ ਜ਼ਰੂਰੀ ਫਰਜ਼ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਵਾਤਾਵਰਣ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼ ਰਖੀਏ।
ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਜਿਲਾ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਕਿ ਤੁਹਾਡੇ ਵੱਲੋਂ ਦਿੱਤਾ ਹਰ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੋ ਅਧਿਕਾਰੀ ਉਕਤ ਦਿੱਤੇ ਹੋਏ ਕੰਮਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨਗੇ, ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਿਸ ਵੀ ਅਧਿਕਾਰੀ ਨੂੰ ਇੰਨਾਂ ਕੰਮਾਂ ਵਿਚ ਕੋਈ ਰੁਕਾਵਟ ਪਵੇ ਤਾਂ ਉਹ ਤੁਰੰਤ ਮੇਰੇ ਨਾਲ ਸੰਪਰਕ ਕਰੇ, ਤਾਂ ਜੋ ਸਾਰੇ ਕੰਮ ਸਮਾਂ ਸੀਮਾ ਤੋਂ ਪਹਿਲਾਂ ਪੂਰੇ ਕੀਤੇ ਜਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਨੈਸਨਲ ਗ੍ਰੀਨ ਟਿ੍ਰਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਜਸਬੀਰ ਸਿੰਘ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਹਨ ਸ੍ਰੀ ਐਸ ਸੀ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਤੇ ਹੋਰ ਅਧਿਕਾਰੀ।

English






