ਮੁੱਖ ਮੰਤਰੀ ਦੱਸਣ ਕਿ ਨਸ਼ੇ ਨੂੰ ਨਕੇਲ ਪਾਉਣ ਵਾਸਤੇ ਤੇ ਕਾਨੂੰਨ ਦਾ ਰਾਜ ਬਹਾਲ ਕਰਨ ਵਾਸਤੇ ਕੀ ਕਦਮ ਚੁੱਕੇ: ਡਾ. ਚੀਮਾ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ ਜੀ ਪੀ ਨੂੰ ਨਾਲ ਲੈ ਕੇ ਫੀਲਡ ਦੇ ਕੀਤੇ ਦੌਰਿਆਂ ਦੌਰਾਨ ਕੀਤੇ ਖੁਲ੍ਹਾਸਿਆਂ ਕਿ ਨਸ਼ੇ ਕਰਿਆਨੇ ਦੀਆਂ ਦੁਕਾਨਾਂ ’ਤੇ ਮਿਲ ਰਹੇਹਨ, ਦਾ ਜਵਾਬ ਦੇਣ ਦੀ ਥਾਂ ਮੁੱਖ ਮੰਤਰੀ ਇਧਰ ਉਧਰ ਦੀਆਂ ਮਾਰ ਕੇ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਰਾਜਪਾਲ ’ਤੇ ਸੂਬੇ ਦੇ ਕੰਮਕਾਜ ਵਿਚ ਦਖਲ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਅਕਾਲੀ ਦਲ ਨੇ ਹਮੇਸ਼ਾ ਇਸ ਮਾਮਲੇ ’ਤੇ ਸਿਧਾਂਤਕ ਸਟੈਂਡ ਲਿਆ ਹੈ ਅਤੇ ਵਾਰ ਵਾਰ ਮੁੱਖ ਮੰਤਰੀ ਨੂੰ ਚੌਕਸ ਕੀਤਾ ਹੈ ਕਿ ਉਹ ਸੂਬੇ ਦੇ ਮਾਮਲੇ ਕੇਂਦਰ ਸਰਕਾਰ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਪਰ ਸ੍ਰੀ ਭਗਵੰਤ ਮਾਨ ਵਾਰ ਵਾਰ ਇਸ ਵਿਚ ਫੇਲ੍ਹ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਸਰਕਾਰ ਨੇ ਕੇਂਦਰੀ ਦਖਲਅੰਦਾਜ਼ੀ ਆਪ ਸਹੇੜੀ ਹੈ।
ਡਾ. ਚੀਮਾ ਨੇ ਅਨੇਕਾਂ ਮੌਕਿਆਂ ਦਾ ਜ਼ਿਕਰ ਕੀਤਾ ਜਦੋਂ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੀ ਬੀ ਐਮ ਬੀ ਦਾ ਰੁਤਬਾ ਬਦਲਣ ਨੂੰ ਚੁਣੌਤੀ ਦੇਣ ਵਿਚ ਨਾਕਾਮ ਰਹੇ ਅਤੇ ਇਸੇ ਤਰੀਕੇ ਬੀ ਐਸ ਐਫ ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਦਾ ਫੈਸਲੇ ਦਾ ਵਿਰੋਧ ਕਰਨ ਵਿਚ ਵੀ ਫੇਲ੍ਹ ਹੋਏ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਵੱਖਰੀ ਵਿਧਾਨਸਭਾ ਲਈ ਜ਼ਮੀਨ ਮੰਗਣ ਦੀ ਤਜਵੀਜ਼ ਦਾ ਵੀ ਵਿਰੋਧ ਨਹੀਂ ਕੀਤਾ ਅਤੇ ਉਹਨਾਂ ਸੂਬੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਕਰਨ ਦੇ ਹਰਿਆਣਾ ਦੇ ਫੈਸਲੇ ਦੀ ਹਮਾਇਤ ਕੀਤੀ।

English






