ਸਿਟਰਸ ਅਸਟੇਟ ਅਬੋਹਰ ਵੱਲੋਂ ਪਿੰਡ ਸੱਪਾਂਵਾਲੀ ਵਿਖੇ ਇਕ ਰੋਜਾ ਕਿਸਾਨ ਸਿਖਲਾਈ ਕੈਂਪ ਆਯੋਜਿਤ

horti
ਸਿਟਰਸ ਅਸਟੇਟ ਅਬੋਹਰ ਵੱਲੋਂ ਪਿੰਡ ਸੱਪਾਂਵਾਲੀ ਵਿਖੇ ਇਕ ਰੋਜਾ ਕਿਸਾਨ ਸਿਖਲਾਈ ਕੈਂਪ ਆਯੋਜਿਤ

ਫਾਜ਼ਿਲਕਾ, 25 ਨਵੰਬਰ 2021

ਬਾਗਬਾਨੀ ਵਿਭਾਗ ਵੱਲੋਂ ਜਿਲ੍ਹਾ ਫਾਜਿਲਕਾ ਵਿਚ ਸਥਾਪਿਤ ਸਿਟਰਸ ਅਸਟੇਟ ਅਬੋਹਰ ਵੱਲੋਂ ਪਿੰਡ ਸੱਪਾਂਵਾਲੀ ਵਿਖੇ ਇਕ ਰੋਜਾ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਵਿੱਚ ਪਹੁੰਚੇ ਸਿਟਰਸ ਅਸਟੇਟ ਅਬੋਹਰ ਦੇ ਮੁੱਖ ਕਾਰਜਕਾਰੀ ਅਫਸਰ ਸ਼੍ਰੀ ਜਗਤਾਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਬਾਗਬਾਨੀ ਫਸਲਾਂ ਦੀ ਕਾਸ਼ਤ ਅਪਨਾਉਣ ਅਤੇ ਇਹਨਾਂ ਦੀ ਕਾਸ਼ਤ ਸਬੰਧੀ ਲੋੜੀਂਦੀ ਤਕਨੀਕੀ ਜਾਣਕਾਰੀ ਸਾਂਝੀ ਕਰਨ ਦੇ ਨਾਲ ਨਾਲ ਨਿੰਬੂ ਜਾਤੀ ਫਲਾਂ ਦੇ ਬਾਗ ਖਾਸ ਕਰਕੇ ਕਿੰੰਨੂ ਦੇ ਬਾਗਾਂ ਦੀ ਸਾਂਭ ਸੰਭਾਲ ਅਤੇ ਪਿਛਲੇ ਸਮੇਂ ਦੌਰਾਨ ਅਚਾਨਕ ਕਿੰਨੂ ਦੇ ਬੂਟੇ ਸੁੱਕਣ ਦੀ ਸਮੱਸਿਆਂ ਅਤੇ ਉਸਦੇ ਉਪਾਅ ਸਬੰਧੀ ਜਾਣੂ ਕਰਵਾਇਆ।

ਹੋਰ ਪੜ੍ਹੋ :-ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਲੁਧਿਆਣਾ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ

ਉਹਨਾਂ ਵੱਲੋਂ ਨਵੇਂ ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਾਉਣ ਦੀ ਸਲਾਹ ਦਿੱਤੀ ਅਤੇ ਫਲਦਾਰ ਬੂਟੇ ਸਰਕਾਰੀ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਫਿਰ ਮੰਨਜੂਰਸ਼ੁਦਾ ਨਰਸਰੀਆਂ ਪਾਸੋਂ ਹੀ ਖਰੀਦਣ ਦੀ ਅਪੀਲ ਕੀਤੀ। ਹਾਜਰ ਬਾਗਬਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਡਾ. ਜਗਤਾਰ ਸਿੰਘ ਵੱਲੋਂ ਬਾਗਬਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਫਸਲਾਂ ਦੀ ਕਾਸ਼ਤ ਸਬੰਧੀ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਬਾਗਬਾਨੀ ਮਾਹਰਾਂ ਦੀ ਸਲਾਹ ਜ਼ਰੂਰ ਲਈ ਜਾਵੇ।ਇਸ ਤੋਂ ਇਲਾਵਾ ਕੌਮੀ ਬਾਗਬਾਨੀ ਮਿਸ਼ਨ ਤਹਿਤ ਚਲ ਰਹੀਆਂ ਸਕੀਮਾਂ ਦੇ ਨਾਲ ਨਾਲ ਸਿਟਰਸ ਅਸਟੇਟ ਅਬੋਹਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਮਹੀਨਾ ਨਵੰਬਰ 2021 ਤਹਿਤ ਵੋਟਾਂ ਦੀ ਸਰਸਰੀ ਸੁਧਾਈ ਦੀ ਚਲ ਰਹੀ ਮੁਹਿੰਮ ਬਾਰੇ ਵੀ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।

ਇਸ ਤੋਂ ਪਹਿਲਾਂ ਉਹਨਾਂ ਨਾਲ ਇਸ ਕੈਂਪ ਵਿੱਚ ਆਏ ਬਾਗਬਾਨੀ ਮਾਹਰ ਡਾ. ਸ਼ੋਪਤ ਰਾਮ ਇੰਚਾਰਜ ਮਿੱਟੀ/ਪੱਤਾ ਪਰਖ ਪ੍ਰੋਯਗਸ਼ਾਲਾ ਸਿਟਰਸ ਅਸਟੇਟ ਅਬੋਹਰ ਵੱਲੋਂ ਜਮੀਨ ਵਿੱਚੋਂ ਮਿੱਟੀ ਦੇ ਸੈਂਪਲ ਲੈਣ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਨਿੰਬੂ ਜਾਤੀ ਫਲਾਂ ਦੇ ਬਾਗ ਲਈ ਲੋੜੀਂਦੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਡਾ. ਗੁਰਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਪੈਥਾਲੋਜੀ ਵੱਲੋਂ ਕੀੜੇ ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਅਤੇ ਇਹਨਾਂ ਦੀ ਸੁੱਚਜੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਤੇ ਸਿਟਰਸ ਅਸਟੇਟ ਅਬੋਹਰ ਦੇ ਸ਼੍ਰੀ ਤੇਜਿੰਦਰ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਸ਼੍ਰੀ ਭੀਮ ਸੈਨ ਉਪ ਨਿਰੀਖਕ ਬਾਗਬਾਨੀ ਅਤੇ ਸ਼੍ਰੀ ਹਰਦੇਵ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਉੱਘੇ ਬਾਗਬਾਨਾਂ ਵੱਲੋਂ ਇਸ ਕੈਂਪ ਵਿੱਚ ਭਾਗ ਲਿਆ ਗਿਆ।