ਪੰਜਾਬ ‘ਚ ਹਰਿਆਲੀ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਦੀ ਭਾਗੀਦਾਰੀ ਵਧਾਈ ਜਾਵੇਗੀ: ਧਰਮਸੋਤ

Sadhu Singh Dharamsot minister
ਐਗਰੋ ਫੋਰੇਸਟਰੀ ਸਕੀਮ ਤਹਿਤ 40 ਲੱਖ ਪੌਦੇ ਲਗਾਏ ਜਾਣਗੇ
ਚੰਡੀਗੜ੍ਹ, 4 ਅਪਰੈਲ:
ਪੰਜਾਬ ਦੇ ਜੰਗਲਾਤ ਵਿਭਾਗ ਨੇ ਐਗਰੋ ਫੋਰੇਸਟਰੀ ਸਕੀਮ ‘ਤੇ ਸਬ ਮਿਸ਼ਨ ਤਹਿਤ ਬੂਟੇ ਲਗਾਉਣ ਅਧੀਨ ਰਕਬੇ ਨੂੰ 7000 ਹੈਕਟੇਅਰ ਤੱਕ ਵਧਾਉਣ ਦੀ ਯੋਜਨਾ ਉਲੀਕੀ ਹੈ ਅਤੇ ਇਸ ਵਿਲੱਖਣ ਪਹਿਲਕਦਮੀ ਤਹਿਤ ਕਿਸਾਨਾਂ ਵੱਲੋਂ ਲਗਭਗ 40 ਲੱਖ ਬੂਟੇ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਐਗਰੋ ਫੋਰੈਸਟਰੀ ਸਕੀਮ ‘ਤੇ ਸਬ ਮਿਸ਼ਨ ਅਨੁਸਾਰ ਕਿਸਾਨਾਂ ਨੂੰ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਹੱਥ ਮਿਲਾਇਆ ਹੈ। ਇਸ ਸਕੀਮ ਅਧੀਨ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਬੂਟੇ ਲਗਾਉਣ ਲਈ 40: 20: 20: 20 ਦੇ ਅਨੁਪਾਤ ਵਿੱਚ 4 ਸਾਲਾਂ ਦੌਰਾਨ 50 ਫ਼ੀਸਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਵਿੱਤੀ ਸਹਾਇਤਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ।
ਸ. ਧਰਮਸੋਤ ਨੇ ਕਿਹਾ ਕਿ ਐਗਰੋ ਫੋਰੈਸਟਰੀ ਸਕੀਮ ‘ਤੇ ਸਬ ਮਿਸ਼ਨ ਨੂੰ ਲਾਗੂ ਕਰਨ ਵਿੱਚ ਪੰਜਾਬ ਮੋਹਰੀ ਸੂਬਾ ਹੈ। ਤਕਰੀਬਨ 12994 ਕਿਸਾਨਾਂ ਨੇ 18974.55 ਹੈਕਟੇਅਰ ਰਕਬੇ ਵਿਚ 149.45 ਲੱਖ ਬੂਟੇ ਲਗਾਏ ਹਨ। ਸੂਬੇ ਵੱਲੋਂ ਸਾਲ 2016 ਤੋਂ ਸਕੀਮ ਦੇ ਸ਼ੁਰੂ ਹੋਣ ਤੋਂ ਕਿਸਾਨਾਂ ਨੂੰ 1447.41 ਲੱਖ ਰੁਪਏ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਹੈ।