ਪਰਾਲੀ ਨਾ ਸਾੜਨ ਵਾਲੇ ਵਾਤਾਵਰਨ ਦੇ ਰਾਖੇ ਕਿਸਾਨਾਂ ਦਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ

-ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਨ ਦੀ ਅਪੀਲ

ਫਾਜਿ਼ਲਕਾ, 4 ਨਵੰਬਰ

ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਥੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਾਤਾਵਰਨ ਦੇ ਰਾਖੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਭੇਂਟ ਕੀਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਕਿਹਾ ਕਿ ਇਹ ਕਿਸਾਨ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਸਾੜਨ ਦੀ ਬਜਾਏ ਇਸਦੀ ਸੰਭਾਲ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਕਰਨ ਇਸ ਤਰਾਂ ਕਰਨ ਨਾਲ ਕਿਸਾਨਾਂ ਦੀ ਜਮੀਨ ਦੀ ਉਪਜਾਊ ਸ਼ਕਤੀ ਵੀ ਨਹੀਂ ਘਟੇਗੀ ਅਤੇ ਅੱਗ ਲੱਗਣ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਪਿੱਛਲੇ ਸਾਲ ਦੇ ਮੁਕਾਬਲੇ ਅੱਗ ਲਗਾਉਣ ਦੀ ਪ੍ਰਥਾ ਘਟੀ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਧੂੰਆ ਸਾਡੇ ਆਪਣੇ ਲਈ ਸਭ ਤੋਂ ਪਹਿਲਾਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨ ਚਾਹੀਦੀ ਹੋਵੇ ਤਾਂ ਉਹ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਨਾਲ ਜਾਂ ਆਪਣੇ ਪਿੰਡ ਦੇ ਨੋਡਲ ਅਫ਼ਸਰ ਨਾਲ ਰਾਬਤਾ ਕਰਨ, ਉਹ ਉਨ੍ਹਾਂ ਨੂੰ ਮਸ਼ੀਨ ਕਿਰਾਏ ਤੇ ਲੈਣ ਵਿਚ ਮਾਰਗਦਰਸ਼ਨ ਕਰਣਗੇ। ਇਸਤੋਂ ਬਿਨ੍ਹਾਂ ਆਈ ਖੇਤ ਪੰਜਾਬ ਮੋਬਾਇਲ ਐਪ ਰਾਹੀਂ ਵੀ ਕਿਸਾਨ ਮਸ਼ੀਨਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਕਿਰਾਏ ਤੇ ਉਪਲਬੱਧ ਮਸ਼ੀਨਾਂ ਦੇ ਵੇਰਵੇ ਵੇਖ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਉਹ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ।
ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ, ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਆਦਿ ਵੀ ਹਾਜਰ ਸਨ।