ਇਸ ਸਾਲ ਰਕਬਾ 570 ਏਕੜ ਤੱਕ ਪੁੱਜੇਗਾ-ਡਾ: ਹਿਮਾਂਸੂ ਅਗਰਵਾਲ
ਸਰਕਾਰ ਦਿੰਦੀ ਹੈ ਸਬਸਿਡੀ ਵੀ
ਫਾਜਿ਼ਲਕਾ, 8 ਮਈ 2022
ਝੀਂਗਾ ਪਾਲਣ ਦੇ ਖੇਤਰ ਵਿਚ ਫਾਜਿ਼ਲਕਾ ਜਿ਼ਲ੍ਹਾ ਸਫਲਤਾ ਦੀ ਨਵੀਂ ਇਬਾਰਤ ਲਿਖ ਰਿਹਾ ਹੈ। ਜਿ਼ਲ੍ਹੇ ਵਿਚ ਝੀਂਗਾ ਪਾਲਣ ਹੇਠ ਰਕਬਾ ਲਗਾਤਾਰ ਵੱਧ ਰਿਹਾ ਹੈ ਅਤੇ ਇੱਥੋਂ ਦੇ ਮਿਹਨਤੀ ਕਿਸਾਨ ਇਸ ਨਵੇਂ ਕਿੱਤੇ ਨੂੰ ਆਪਨਾ ਕੇ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਸਾਥੀ ਬਣ ਰਹੇ ਹਨ।
ਹੋਰ ਪੜ੍ਹੋ :-ਪਿੰਡ ਦਾ ਸਰਕਾਰੀ ਸਕੂਲ ਜਿੱਥੇ ਫਾਜ਼ਿਲਕਾ ਸ਼ਹਿਰ ਦੇ ਬੱਚੇ ਜਾਂਦੇ ਹਨ ਪੜ੍ਹਨ
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਅਨੁਸਾਰ ਫਾਜਿ਼ਲਕਾ ਜਿ਼ਲ੍ਹੇ ਵਿਚ ਪਿੱਛਲੇ ਸਾਲ 450 ਏਕੜ ਰਕਬੇ ਵਿਚ ਝੀਂਗਾ ਪਾਲਿਆ ਗਿਆ ਸੀ ਜਦ ਕਿ ਇਸ ਸਾਲ 38 ਕਿਸਾਨ 120 ਏਕੜ ਹੋਰ ਰਕਬੇ ਵਿਚ ਝੀਂਗਾ ਪਾਲਣ ਲਈ ਆਪਣੀਆਂ ਅਰਜੀਆਂ ਮੱਛੀ ਪਾਲਣ ਵਿਭਾਗ ਨੂੰ ਦੇ ਚੁੱਕੇ ਹਨ। ਸੇਮ ਤੋਂ ਪ੍ਰਭਾਵਿਤ ਹੋਣ ਕਾਰਨ ਅਤੇ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫਾਜਿ਼ਲਕਾ ਜਿ਼ਲ੍ਹਾ ਝੀਂਗਾ ਪਾਲਣ ਲਈ ਪੂਰੀ ਤਰਾਂ ਅਨੂਕੁਲ ਹੈ। ਜਦ ਕਿ ਫਾਜਿ਼ਲਕਾ ਦੇ ਕੁਝ ਨਵਾਂ ਕਰਨ ਦੇ ਸੌਕੀਨ ਕਿਸਾਨ ਵੀ ਇਸ ਕਿੱਤੇ ਨੂੰ ਹੱਥੋ ਹੱਥੀ ਅਪਨਾ ਰਹੇ ਹਨ।
ਇਸ ਸਮੇਂ ਝੀਂਗੇ ਦੀ ਨਵੀਂ ਫਸਲ ਲਈ ਮੱਛੀ ਤਲਾਬਾਂ ਵਿਚ ਪੂੰਗ ਪਾਉਣ ਦਾ ਕੰਮ ਸ਼ਰੂ ਹੋ ਗਿਆ ਹੈ। ਇਸ ਦਾ ਬੀਜ ਵੀ ਦੱਖਣ ਭਾਰਤ ਤੋਂ ਜਹਾਜ ਰਾਹੀਂ ਆਉਂਦਾ ਹੈ।ਕਿਸਾਨ ਦੇ ਤਲਾਬ ਤੇ ਲਿਆ ਕੇ ਇਸ ਨੂੰ ਪਹਿਲਾਂ ਵਰਤਮਾਨ ਹਲਾਤ ਅਨੁਸਾਰ ਢਾਲਿਆ ਜਾਂਦਾ ਹੈ ਤਾਂ ਜ਼ੋ ਝੀਂਗੇ ਦਾ ਬੱਚਾ ਆਪਣੇ ਆਪ ਨੂੰ ਨਵੇਂ ਤਲਾਬ ਵਿਚ ਰਹਿਣ ਲਈ ਯੋਗ ਕਰ ਲਵੇ ਅਤੇ ਫਿਰ ਤਲਾਬ ਵਿਚ ਛੱਡਿਆ ਜਾਂਦਾ ਹੈ।
ਪਿੰਡ ਮੂਲਿਆਂ ਵਾਲੇ ਦੇ ਕਿਸਾਨ ਜਗਮੀਤ ਸਿੰਘ ਜਿਸ ਦੇ ਤਲਾਬ ਵਿਚ ਬੀਜ ਪਾਇਆ ਗਿਆ ਹੈ ਨੇ ਦੱਸਿਆ ਕਿ ਲਗਭਗ 4 ਮਹੀਨੇ ਵਿਚ ਝੀਂਗੇ ਦੀ ਫਸਲ ਤਿਆਰ ਹੋ ਜਾਂਦੀ ਹੈ। ਇਸ ਦੌਰਾਨ ਇਸ ਦੀ ਸੰਭਾਲ ਲਈ ਕਿਸਾਨ ਨੂੰ ਪੂਰਾ ਚੌਕਸ ਰਹਿਣਾ ਪੈਂਦਾ ਹੈ।ਉਹ ਆਖਦਾ ਹੈ ਕਿ ਇਸ ਕੰਮ ਵਿਚ ਮੋਟਾ ਮੁਨਾਫਾ ਹੈ ਪਰ 120 ਦਿਨ ਝੀਂਗੇ ਦੀ ਸੰਭਾਲ ਵੀ ਪੂਰੀ ਮਿਹਨਤ ਨਾਲ ਕਰਨੀ ਪੈਂਦੀ ਹੈ। ਹਮੇਸਾ ਧਿਆਨ ਰੱਖਣਾ ਪੈਂਦਾ ਹੈ ਕਿ ਤਲਾਬ ਵਿਚ ਆਕਸੀਜਨ ਦਾ ਪੱਧਰ ਨਾ ਘਟੇ।
ਪੰਜਾਬ ਸਰਕਾਰ ਵੱਲੋਂ ਵੀ ਇਸ ਕਿੱਤੇ ਨੂੰ ਉਤਸਾਹਤ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਮੱਛੀ ਪਸਾਰ ਅਫ਼ਸਰ ਫਾਜਿ਼ਲਕਾ ਕੋਕਮ ਕੌਰ ਦੱਸਦੇ ਹਨ ਕਿ ਆਮ ਕਿਸਾਨਾਂ ਨੂੰ ਸਰਕਾਰ ਵੱਲੋਂ 40 ਫੀਸਦੀ ਜਦ ਕਿ ਔਰਤਾਂ ਅਤੇ ਐਸਸੀ ਕਿਸਾਨਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਚਾਹਵਾਨ ਕਿਸਾਨ ਮੱਛੀ ਪਲਾਣ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ।

English





