ਸ਼੍ਰੀ ਚਮਕੌਰ ਸਾਹਿਬ, 23 ਨਵੰਬਰ :- ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਮਾਨਯੋਗ ਪ੍ਰੀਤੀ ਚਾਵਲਾ ਨੇ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦਾ ਦੌਰਾ ਕੀਤਾ। ਇਸ ਮੌਕੇ ਚੱਲ ਰਹੀ ਮਿਡ-ਡੇ-ਮੀਲ ਸਕੀਮ ਦਾ ਜਾਇਜ਼ਾ ਲਿਆ।
ਇਸ ਦੌਰਾਨ ਮੈਂਬਰ ਫੂਡ ਕਮਿਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੱਪਲ ਮਾਜਰਾ, ਸ਼੍ਰੀ ਚਮਕੌਰ ਸਾਹਿਬ-2 ਮੁੰਡਿਆਂ, ਸਪੈਸ਼ਲ ਰਿਸੋਰਸ ਸੈਂਟਰ ਮਾਣੇਮਾਜਰਾ, ਪ੍ਰਾਇਮਰੀ ਅਤੇ ਮਿਡਲ ਸਕੂਲ ਮਾਣੇਮਾਜਰਾ ਅਤੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਚੱਲ ਰਹੇ ਮਿਡ ਡੇ ਮੀਲ ਦੀ ਜਾਂਚ ਕੀਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਬੱਚਿਆਂ ਲਈ ਚੱਲ ਰਹੇ ਮਿਡ ਡੇ ਮੀਲ ਦੀ ਪੌਸ਼ਟਿਕਤਾ, ਰਾਸ਼ਣ ਵੰਡ ਪ੍ਰਣਾਲੀ ਅਤੇ ਸਾਂਭ ਸੰਭਾਲ ਦੀ ਪਾਰਦਰਸ਼ਤਾ ਨੂੰ ਲੈ ਕੇ ਕਾਫੀ ਗੰਭੀਰ ਹੈ। ਮੈਂਬਰ ਫੂਡ ਕਮਿਸ਼ਨ ਵੱਲੋਂ ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਨੂੰ ਗੰਭੀਰਤਾ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੰਦਿਆਂ ਸਕੂਲ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਕਿਹਾ ਕਿ ਮਿਡ ਡੇ ਮੀਲ ਅਤੇ ਰਾਸ਼ਣ ਵੰਡ ਪ੍ਰਣਾਲੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਅਪਣਾਈ ਜਾਵੇ।
ਇਸ ਦੌਰਾਨ ਮਾਨਯੋਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰੰਜਨਾ ਕਟਿਆਲ ਅਤੇ ਬਲਾਕ ਸਿੱਖਿਆ ਅਫਸਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੀ ਚੈਕਿੰਗ ਕਰਕੇ ਮਿਡ-ਡੇ-ਮੀਲ ਪ੍ਰਬੰਧ ਅਤੇ ਸਾਫ਼ ਸਫ਼ਾਈ ਨਾਲ ਤਿਆਰ ਕੀਤੇ ਜਾਂਦੇ ਭੋਜਨ ਦਾ ਜਾਇਜ਼ਾ ਲਿਆ ਜਾਂਦਾ ਹੈ।
ਇਸ ਮੌਕੇ ਗੋਵਿੰਦ,ਪਵਨਿੰਦਰ ਕੌਰ ਸੀ.ਡੀ.ਪੀ.ਓ.ਸ੍ਰੀ ਚਮਕੌਰ ਸਾਹਿਬ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

English






