ਸਰਕਾਰ ਸ਼ੰਭੂ-ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ ਸੈਨਿਕਾਂ ਦੇ ਪਰਿਵਾਰਾਂ ਬਰਾਬਰ ਮੁਆਵਜ਼ਾ ਦੇਵੇ: ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ

Bikram Singh Majithia
Bikram Singh Majithia
ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕਰਨ ਦੀ ਕੀਤੀ ਨਿਖੇਧੀ
 
ਚੰਡੀਗੜ੍ਹ, 19 ਫਰਵਰੀ 2024
ਸ਼੍ਰੋਮਣੀ ਅਕਾਲੀ ਦਲ ਨੇ ਸ਼ੰਭੂ-ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਸੈਨਿਕਾਂ ਦੇ ਪਰਿਵਾਰਾਂ ਬਰਾਬਰ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ’ਜੈ ਜਵਾਨ ਤੇ ਜੈ ਕਿਸਾਨ’ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਆਗੂਆਂ ਦੇ ਨਾਅਰੇ ਮੁਤਾਬਕ ਅਜਿਹਾ ਹੋਣਾ ਚਾਹੀਦਾ ਹੈ ਤੇ ਪਾਰਟੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਜ਼ਖ਼ਮੀ ਕੀਤੇ ਜਾਣ ਦੇ ਮਾਮਲੇ ਵਿਚ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵਾਰ-ਵਾਰ ’ਜੈ ਜਵਾਨ ਤੇ ਜੈ ਕਿਸਾਨ’ ਦੇ ਨਾਅਰੇ ਲਗਾਉਂਦੇ ਹਨ ਪਰ ਉਹ ਤਿੰਨ ਕਿਸਾਨਾਂ ਜਿਹਨਾਂ ਨੇ ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਜਾਨਾਂ ਗੁਆਈਆਂ ਦੇ ਪਰਿਵਾਰਾਂ ਨੂੰ ਜਵਾਨਾਂ ਦੇ ਪਰਿਵਾਰਾਂ ਦੇ ਬਰਾਬਰ ਮੁਆਵਜ਼ਾ ਦੇਣ ਤੋਂ ਟਾਲਾ ਵੱਟ ਲਿਆ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਜਵਾਨਾਂ ਤੇ ਕਿਸਾਨਾਂ ਨੂੰ ਬਰਾਬਰ ਮੰਨਦੇ ਹਾਂ ਤਾਂ ਫਿਰ ਸਾਨੂੰ ਦੋਵਾਂ ਦੇ ਪਰਿਵਾਰਾਂ ਨੂੰ ਬਰਾਬਰ ਮੁਆਵਜ਼ਾ ਦੇਣਾ ਚਾਹੀਦਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਨਾਲ-ਨਾਲ ਉਹਨਾਂ ਦੀ ਪੰਜਾਬ ਪੁਲਿਸ ਪੰਜਾਬ ਦੇ ਕਿਸਾਨਾਂ ’ਤੇ ਉਹਨਾਂ ਦੀ ਧਰਤੀ ’ਤੇ ਹਮਲਾ ਕਰਨ ਦੇ ਦੋਸ਼ੀ ਹਰਿਆਣਾ ਦੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਤੋਂ ਟਾਲਾ ਵੱਟ ਰਹੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਹਰਿਆਣਾ ਦੇ ਡੀ ਜੀ ਪੀ ਤੇ ਹੋਰ ਵਾਅਦਾ ਕਰ ਰਹੇ ਹਨ ਕਿ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਨੇ ਪੈਲਟ ਗੰਨ ਦੀ ਵਰਤੋਂ ਨਹੀਂ ਕੀਤੀ ਜਦੋਂ ਕਿ ਦੂਜੇ ਪਾਸੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਲਈ ਹੈ ਤੇ ਉਹਨਾਂ ਦੇ ਸਰੀਰ ਦੇ ਹਿੱਸਿਆਂ ’ਤੇ ਗੰਭੀਰ ਜ਼ਖ਼ਮ ਹਨ ਜੋ ਹਰਿਆਣਾ ਪੁਲਿਸ ਦੀ ਫਾਇਰਿੰਗ ਦਾ ਨਤੀਜਾ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਤੱਕ ਹਰਿਆਣਾ ਦੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਲਈ ਤਿਆਰ ਨਹੀਂ ਹਨ ਤੇ ਆਪ ਅਜਿਹੇ ਏਜੰਟ ਵਜੋਂ ਕਰ ਰਹੇ ਹਨ ਜੋ ਕਿਸਾਨੀ ਸੰਘਰਸ਼ ਬਾਰੇ ਹਰ ਜਾਣਕਾਰੀ ਉਹਨਾਂ ਦੇ ਵਿਰੋਧੀਆਂ ਨੂੰ ਦੇ ਰਹੇ ਹਨ।

ਸਰਦਾਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਢੁਕਵਾਂ ਮੁਆਵਜ਼ਾ ਮਿਲੇ ਜਿਹਨਾਂ ਨੇ ਤਾਜ਼ਾ ਅੰਦੋਲਨ ਵਿਚ ਜਾਨਾਂ ਗੁਆਈਆਂ ਹਨ।