ਹਰ ਘਰ ਤਿਰੰਗਾ ਮੁਹਿੰਮ ਤਹਿਤ 72 ਹਜ਼ਾਰ ਝੰਡੇ ਵੰਡੇ: ਡਾ. ਪ੍ਰੀਤੀ ਯਾਦਵ

Preeti Yadav
Dr. Preeti Yadav
ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ 13 ਅਗਸਤ ਤੋਂ 15 ਅਗਸਤ ਤੱਕ ’ਹਰ ਘਰ ਤਿਰੰਗਾ ’ ਮੁਹਿੰਮ

ਫਲੈਗ ਕੋਡ ਦਾ ਰੱਖਿਆ ਜਾਵੇ ਖਿਆਲ

ਡਿਪਟੀ ਕਮਿਸ਼ਨਰ ਵੱਲੋਂ ਝੰਡਿਆਂ ਦੀ ਵੰਡ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਰੂਪਨਗਰ,12 ਅਗਸਤ 2022

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ 13 ਅਗਸਤ ਤੋਂ 15 ਅਗਸਤ ਤੱਕ ’ਹਰ ਘਰ ਤਿਰੰਗਾ ’ ਮੁਹਿੰਮ ਚਲਾਈ ਜਾਣੀ ਹੈ ਤੇ ਇਸ ਮੁਹਿੰਮ ਤਹਿਤ ਵਖੋ ਵੱਖ ਵਿਭਾਗਾਂ ਜ਼ਰੀਏ ਜ਼ਿਲ੍ਹੇ ਵਿੱਚ 72 ਹਜ਼ਾਰ ਝੰਡੇ ਵੰਡੇ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਝੰਡਿਆਂ ਦੀ ਵੰਡ ਸਬੰਧੀ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਹੋਰ ਪੜ੍ਹੋ :-ਹਿੰਦ ਪਾਕਿ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿਚ ਸਰਕਾਰੀ ਸਕੀਮਾਂ ਸਬੰਧੀ ਵਿਸੇਸ਼ ਕੈਂਪ 13 ਤੋਂ

ਡੀ.ਸੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਝੰਡੇ ਨੂੰ ਫਲੈਗ ਕੋਡ ਮੁਤਾਬਕ ਹੀ ਲਗਾਇਆ ਜਾਵੇ। ਜੇਕਰ ਝੰਡਾ ਕਿਸੇ ਵੀ ਰੂਪ ਵਿਚ ਠੀਕ ਨਹੀਂ ਹੈ ਤਾਂ ਉਹ ਵਾਪਿਸ ਕੀਤਾ ਜਾਵੇ। ਉਹਨਾਂ ਕਿਹਾ ਕਿ ਫਲੈਗ ਕੋਡ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਲੋਕਾਂ ਨੂੰ ਇਸ ਬਾਬਤ ਜਾਗਰੂਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਹੀ ਉਚੇਚੇ ਤੌਰ ਉੱਤੇ ਸਵੱਛਤਾ ਮੁਹਿੰਮ ਵੀ  ਚਲਾਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਵਾਲੇ ਹਨ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਜਸ਼ਨ ਮਨਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸਮੂਹ ਨਾਗਰਿਕ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।  ਇਤਿਹਾਸ ਗਵਾਹ ਹੈ ਕਿ ਲੰਮੀ ਗੁਲਾਮੀ ਮਗਰੋਂ ਮਿਲੀ ਆਜ਼ਾਦੀ ਨੇ ਹਰੇਕ ਦੇਸ਼ ਵਾਸੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਸੀ।

ਡਾ. ਪ੍ਰੀਤੀ ਯਾਦਵ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਉਪਰੰਤ 15 ਅਗਸਤ ਤੋਂ ਬਾਅਦ ਪੂਰੇ ਸਨਮਾਨ ਨਾਲ ਝੰਡੇ ਨੂੰ ਸੰਭਾਲ ਕੇ ਰੱਖਿਆ ਜਾਵੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਹਰਜੋਤ ਕੌਰ, ਐਸ.ਪੀ. ਰਾਜਪਾਲ ਸਿੰਘ ਹੁੰਦਲ, ਸਹਾਇਕ ਕਮਿਸ਼ਨਰ ਜਨਰਲ ਦੀਪਾਂਕਰ ਗਰਗ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।