ਸਿਹਤ ਵਿਭਾਗ ਵੱਲੋਂ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਸੰਬੰਧੀ ਜਾਗਰੂਕਤਾ ਸਮੱਗਰੀ ਜਾਰੀ

ਫ਼ਿਰੋਜ਼ਪੁਰ 22 ਮਾਰਚ :- 

                   ਮਾਨਸਿਕ ਵਿਗਾੜ ਕਈ ਪ੍ਰਕਾਰ ਦੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਸਕਦੇ ਹਨ।ਇਹ ਪ੍ਰਗਟਾਵਾ ਫ਼ਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਪਾਲ ਨੇ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਸੰਬੰਧੀ ਜਾਗਰੂਕਤਾ ਸਮੱਗਰੀ ਜਾਰੀ ਕਰਨ ਮੌਕੇ ਕੀਤਾ।

          ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਸਿਹਤ ਬਾਰੇ ਜਾਰੀ ਪਰਿਭਾਸ਼ਾ ਅਨੁਸਾਰ ਸਿਹਤ ਇੱਕ ਮੁਕੰਮਲ ਸਰੀਰਕ, ਮਾਨਸਿਕ ਅਤੇ ਸੋਸ਼ਲ ਤੰਦਰੁਸਤੀ ਦੀ ਅਵਸਥਾ ਹੈ ਨਾ ਕਿ ਬਿਮਾਰੀਆਂ ਜਾਂ ਅਪੰਗਤਾ ਦੀ ਅਣਹੋਂਦ ਨੂੰ ਹੀ ਸਿਹਤ ਕਿਹਾ ਜਾਂਦਾ ਹੈ। ਇਸ ਲਈ ਮਾਨਸਿਕ ਸਿਹਤ ਇੱਕ ਵਿਅਕਤੀ ਦੀ ਸਿਹਤ ਦਾ ਅਨਿੱਖੜਵਾਂ ਭਾਗ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਵਿਗਾੜਾਂ ਵਿੱਚ ਇਕੱਲੇ ਗੱਲਾਂ ਕਰਨਾ, ਬਿਨਾਂ ਵਜ੍ਹਾ ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ, ਜਬਲੀਆਂ ਮਾਰਨਾ, ਉਦਾਸੀ, ਤੇਜੀ ਦਾ ਵਿਕਾਰ, ਹਰ ਸਮੇਂ ਘਬਰਾਹਟ, ਅਣਚਾਹੇ ਵਿਚਾਰ ਅਤੇ ਮਜਬੂਰ ਹਰਕਤਾਂ ਕਰਨੀਆਂ, ਝੂਠੀਆਂ ਸਰੀਰਕ ਦਰਦਾਂ ਸਬੰਧੀ ਵਿਕਾਰ, ਯਾਦਦਾਸ਼ਤ ਕਮਜ਼ੋਰ ਹੋਣਾ, ਨਸ਼ਿਆਂ ਤੇ ਨਿਰਭਰਤਾ, ਮਿਰਗੀ ਦੇ ਦੌਰੇ, ਬੱਚਿਆਂ ਦਾ ਮੰਦ ਬੁੱਧੀ ਹੋਣਾ, ਬੱਚਿਆਂ ਵਿੱਚ ਵਿਵਹਾਰ ਸੰਬੰਧੀ ਸਮੱਸਿਆਵਾਂ ਅਤੇ ਬੱਚਿਆਂ ਵਿੱਚ ਸਿੱਖਣ ਸਬੰਧੀ ਸਮੱਸਿਆਵਾਂ ਆਦਿ ਦਾ ਹੋਣਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਜੋਕੀ ਤੇਜ਼ ਰਫ਼ਤਾਰ ਅਤੇ ਪਦਾਰਥਵਾਦੀ ਜੀਵਨਸ਼ੈਲੀ ਵੀ ਵੱਧ ਰਹੇ ਰੋਗਾਂ ਦਾ ਕਾਰਨ ਹੈ, ਜਿਸ ਕਾਰਨ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ।

           ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਮਨੋਰੋਗ ਡਾਕਟਰਾਂ ਅਤੇ ਕੌਂਸਲਰਾਂ ਦੀ ਸੁਵਿਧਾ ਉਪਲੱਬਧ ਹੈ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਦਾਖ਼ਲ ਕਰਨ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿਖੇ ਸਥਾਪਿਤ ਨਸ਼ਾ ਛੁਡਾਊ ਕੇਂਦਰ ਵਿਖੇ ਹਰ ਪ੍ਰਕਾਰ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਡਾਕਟਰੀ ਸਲਾਹ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ।

          ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਸ਼ੁਸ਼ਮਾ ਠੱਕਰ, ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ ) ਹਰਜਸਦੀਪ ਸਿੰਘ ਸਿੱਧੂ, ਮਾਸ ਮੀਡੀਆ ਅਫਸਰ ਰੰਜੀਵ, ਡੀ.ਪੀ.ਐਮ ਹਰੀਸ਼ ਕਟਾਰੀਆ, ਜਿਲ੍ਹਾ ਐਪੀਡੀਮੋਲੋਜਿਸਟ ਡਾ.ਯੁਵਰਾਜ, ਵਿਕਾਸ ਕਾਲੜਾ ਅਤੇ ਬੀ.ਸੀ.ਸੀ.ਕੁਆਡੀਨੇਟਰ ਰਜਨੀਕ ਕੌਰ ਆਦਿ ਹਾਜ਼ਰ ਸਨ।

 

ਹੋਰ ਪੜ੍ਹੋ :-  ਫਾਜਿ਼ਲਕਾ ਜਿ਼ਲ੍ਹੇ ਵਿਚ ਝੀਂਗਾ ਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਅਗਲੇ ਦੋ ਸਾਲਾਂ ਦੀ ਕਾਰਜਯੋਜਨਾ ਤਿਆਰ