‘ਆਪ’ ਨੇ ਜਾਰੀ ਕੀਤਾ ਨਵਾਂ ਨਾਅਰਾ…
ਇਸ ਵਾਰ ਪੰਜਾਬ ਦੇ ਲੋਕ ਧੋਖਾ ਨਹੀਂ ਖਾਣਗੇ, ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਵਧੀਆ ਬਦਲ ਮਿਲ ਗਿਆ ਹੈ-ਭਗਵੰਤ ਮਾਨ
ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਇੱਕ ਕਰ ਦੇਵੇਗੀ ਮੇਰੀ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ -ਭਗਵੰਤ ਮਾਨ
‘ਆਪ’ ਦਾ ਡਬਲ ਇੰਜਣ ਮਿਲਕੇ ਪੰਜਾਬ ਲਈ ਕਰ ਰਿਹਾ ਹੈ ਮਿਹਨਤ , ਕਾਂਗਰਸ ਦੇ ਇੰਜਣ ਕੁਰਸੀ ਲਈ ਆਪਸ ‘ਚ ਕਰ ਰਹੇ ਖਿੱਚੋਤਾਣ -ਭਗਵੰਤ ਮਾਨ
ਜਲੰਧਰ, 24 ਜਨਵਰੀ 2022
ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਚੋਣਾਂ ਲਈ ਨਵਾਂ ਨਾਅਰਾ ਜਾਰੀ ਕੀਤਾ ਹੈ, ”ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ-ਭਗਵੰਤ ਮਾਨ ਨੂੰ ਦੇਵਾਂਗੇ ਇੱਕ ਮੌਕਾ”। ਸੋਮਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੇ ਇਸ ਨਵੇਂ ਨਾਅਰੇ ਨੂੰ ਰਸਮੀ ਤੌਰ ‘ਤੇ ਜਾਰੀ (ਲਾਂਚ) ਕੀਤਾ।
ਹੋਰ ਪੜ੍ਹੋ :-ਦਿੱਲੀ ਵਾਂਗ ਪੰਜਾਬ ‘ਚ ਵੀ ਜਨਤਾ ਦੀ ਰਾਇ ਨਾਲ ਬਜਟ ਤਿਆਰ ਕਰੇਗੀ ‘ਆਪ’ ਸਰਕਾਰ : ਅਰਵਿੰਦ ਕੇਜਰੀਵਾਲ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ,” ਪੰਜਾਬ ਦੇ ਲੋਕਾਂ ਬਹੁਤ ਵਾਰ ਧੋਖਾ ਖਾ ਚੁਕੇ ਹਨ। ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ। ਇਸ ਲਈ ਲੋਕ ਕਾਂਗਰਸ ਤੋਂ ਧੋਖਾ ਖਾਕੇ ਅਕਾਲੀਆਂ ਨੂੰ ਵੋਟ ਦੇ ਦਿੰਦੇ ਸਨ ਅਤੇ ਅਕਾਲੀਆਂ ਤੋਂ ਧੋਖਾ ਖਾਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਸਨ। ਇਸ ਵਾਰ ਪੰਜਾਬ ਦੇ ਲੋਕ ਧੋਖਾ ਨਹੀਂ ਖਾਣਗੇ। ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਵਧਿਆ ਬਦਲ ਮਿਲ ਗਿਆ ਹੈ। 20 ਫਰਵਰੀ ਨੂੰ ਪੰਜਾਬ ਦੇ ਲੋਕ ਇੱਕ ਨਵੀਂ ਕਹਾਣੀ ਅਤੇ ਨਵਾਂ ਇਤਿਹਾਸ ਲਿਖਣਗੇ।”
ਮਾਨ ਨੇ ਵਿਸ਼ਵਾਸ਼ ਅਤੇ ਭਰੋਸੇ ਲਈ ਪੰਜਾਬ ਦੀ ਜਨਤਾ, ਪਾਰਟੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਪਿਆਰ ਅਤੇ ਪਾਰਟੀ ਦੇ ਭਰੋਸੇ ਦੀ ਬਦੌਲਤ ਹੀ ਇੱਕ ਸਾਧਾਰਨ ਪਰਿਵਾਰ ਅਤੇ ਛੋਟੇ ਜਿਹੇ ਪਿੰਡ ‘ਚੋਂ ਨਿਕਲ ਕੇ ਅੱਜ ਇੱਥੇ ਪੁੱਜ ਸਕਿਆ ਹਾਂ। ਹੁਣ ਮੇਰੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਜ਼ਿੰਮੇਵਾਰੀ ਵਧਣ ਨਾਲ ਮੇਰਾ ਹੌਂਸਲਾ ਵੀ ਵਧਿਆ ਹੈ। ਹੁਣ ਮੈਂ ਡਬਲ ਜੋਸ਼ ਨਾਲ ਦਿਨ ਰਾਤ ਕੰਮ ਕਰ ਰਿਹਾ ਹਾਂ।
ਮਾਨ ਨੇ ਲੋਕਾਂ ਨੂੰ ਸਰਕਾਰ ਬਦਲਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਅਤੇ ਆਪਣੇ ਬੱਚਿਆਂ ਦੀ ਤਕਦੀਰ ਬਦਲਣ ਲਈ ਵੋਟਿੰਗ ਮਸ਼ੀਨ ਦਾ ਬਟਨ ਬਦਲ ਦੋ। ਇਸ ਵਾਰ ਤੱਕੜੀ (ਅਕਾਲੀ ਦਲ ਦਾ ਚੋਣ ਨਿਸ਼ਾਨ) ਅਤੇ ਪੰਜੇ (ਕਾਂਗਰਸ ਦਾ ਚੋਣ ਨਿਸ਼ਾਨ) ਨੂੰ ਅਲਵਿਦਾ ਕਹਿ ਕੇ, ਸਿਰਫ ਝਾੜੂ ਦਾ ਬਟਨ ਦਬਾਓ। ਸਰਕਾਰ ਬਣਨ ‘ਤੇ ਅਸੀਂ ਪੰਜਾਬ ਨੂੰ ਅੱਗੇ ਲਿਜਾਣ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਮਿਹਨਤ ਕਰਾਂਗੇ। ਜਿਸ ਤਰ੍ਹਾਂ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਮਿਹਨਤ ਰੰਗ ਲਿਆਈ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ਸਾਡੀ ਦੋਹਾਂ ਦੀ ਮਿਹਨਤ ਰੰਗ ਲਿਆਏਗੀ। ਮੇਰੀ ਅਤੇ ਮੇਰੇ ਵੱਡੇ ਭਰਾ ਅਰਵਿੰਦ ਕੇਜਰੀਵਾਲ ਦੀ ਜੋੜੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਵੇਗੀ। ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਵਾਂਗੇ।
ਕਾਂਗਰਸ ‘ਤੇ ਨਿਸ਼ਾਨਾ ਲਗਾਉਂਦਿਆਂ ਮਾਨ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਵੀ ਡਬਲ ਇੰਜਣ (ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ) ਹੈ। ਕਾਂਗਰਸ ਵੀ ਡਬਲ ਇੰਜਣ ਹੋਣ ਦਾ ਦਾਅਵਾ ਕਰਦੀ ਹੈ। ਸਾਡਾ ਡਬਲ ਇੰਜਣ ਮਿਲਕੇ ਪੰਜਾਬ ਨੂੰ ਅੱਗੇ ਲਿਜਾਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ, ਯੋਜਨਾਵਾਂ ਬਣਾ ਰਿਹਾ ਹੈ। ਉਧਰ ਕਾਂਗਰਸ ਦਾ ਡਬਲ ਇੰਜਣ ਕੁਰਸੀ ਲਈ ਆਪਸ ਵਿੱਚ ਖਿੱਚੋਤਾਣ ਕਰ ਰਿਹਾ ਹੈ। ਕਾਂਗਰਸ ਦੇ ਸਾਰੇ ਵੱਡੇ ਆਗੂ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਦੀ ਬਜਾਏ ਸੱਤਾ ਲਈ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਨ ਅਤੇ ਖਿੱਚੋਤਾਣ ਕਰਨ ਵਿੱਚ ਲੱਗੇ ਹੋਏ ਹਨ। ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਰਵਾਇਤੀ ਪਾਰਟੀਆਂ ਦੇ ਭ੍ਰਿਸ਼ਟ ਅਤੇ ਮਾਫ਼ੀਆ ਸ਼ਾਸਨ ਤੋਂ ਤੰਗ ਆ ਚੁੱਕੀ ਹੈ। ਹੁਣ ਲੋਕ ਬਦਲਾਅ ਚਾਹੁੰਦੇ ਹਨ। ਸ਼ਾਸਨ ਵਿਵਸਥਾ ਵਿੱਚ ਬਦਲਾਅ ਲਈ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਇਸ ਬਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਹੈ।

English






