ਏ.ਡੀ.ਸੀ. ਦੀਪਸ਼ਿਖਾ ਸ਼ਰਮਾ ਵਲੋਂ ਇਨਕਲਿਉਜ਼ਿਵ ਐਜੂਕੇਸ਼ਨ ਪ੍ਰੋਗਰਾਮ ਤਹਿਤ ਲੋੜਵੰਦ ਦਿਵਿਆਂਗ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਹਦਾਇਤ

Mrs. Deepshikha Sharma
ਏ.ਡੀ.ਸੀ. ਦੀਪਸ਼ਿਖਾ ਸ਼ਰਮਾ ਵਲੋਂ ਇਨਕਲਿਉਜ਼ਿਵ ਐਜੂਕੇਸ਼ਨ ਪ੍ਰੋਗਰਾਮ ਤਹਿਤ ਲੋੜਵੰਦ ਦਿਵਿਆਂਗ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਹਦਾਇਤ
• ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਲਈ ਪੱਖਿਆਂ ਤੇ ਪਾਣੀ ਦਾ ਪ੍ਰਬੰਧ ਹੋਣਾ ਲਾਜ਼ਮੀ: ਏ.ਡੀ.ਸੀ. ਦੀਪਸ਼ਿਖਾ
• ਅਨੀਮਿਆ ਮੁਕਤ ਭਾਰਤ ਪ੍ਰੋਗਰਾਮ ਤਹਿਤ ਸਰਵੇਖਣ ਕਰਕੇ ਆਇਰਨ ਫੌਲਿਕ ਦਵਾਈ ਦਿੱਤੀ ਜਾਏਗੀ
• ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗ ਡੇਂਗੂ ਦੇ ਖਾਤਮੇ ਲਈ ਹਾਈ ਰਿਸਕ ਇਲਾਕਿਆਂ ‘ਚ ਨਿਰੰਤਰ ਫੌਗਿੰਗ ਕਰਵਾਉਣਗੇ
ਰੂਪਨਗਰ, 13 ਅਪ੍ਰੈਲ 2022
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਨੇ ਬੁੱਧਵਾਰ ਨੂੰ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਮਹੀਨਾਵਾਰ ਮੀਟਿੰਗ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਫਸਰ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਨਕਲਿਊਜ਼ਿਵ ਐਜੂਕੇਸ਼ਨ ਪ੍ਰੋਗਰਾਮ ਤਹਿਤ ਲੋੜਵੰਦ ਦਿਵਿਆਂਗ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਮਾਜ ਵਿੱਚ ਕਿਸੇ ਵੀ ਜਰੂਰਤਮੰਦ ਪਰਿਵਾਰ ਤੇ ਬੱਚੇ ਸਿੱਖਿਆ ਤੋਂ ਵਾਂਝੇ ਨਾ ਰਹਿ ਜਾਣ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੋੜਵੰਦ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾਣ ਅਤੇ 100 ਫੀਸਦ ਟੀਚੇ ਹਾਸਿਲ ਕਰਨ ਲਈ ਜ਼ਿਲ੍ਹਾ ਪੱਧਰੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਫਸਰ ਜਸਵੀਰ ਕੌਰ ਨੇ ਦੱਸਿਆ ਕਿ ਇਨ੍ਹਾਂ ਲੋੜਵੰਦ ਬੱਚਿਆਂ ਨੂੰ ਮੁਫਤ ਵੀਲ ਚੇਅਰ, ਕੰਨਾ ਦੀਆਂ ਮਸ਼ੀਨਾਂ, ਐਲਵੋ ਕ੍ਰਚਿਜ਼, ਆਂਰਟੀਫਿਸ ਅੰਗ ਆਦਿ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਇਹ ਬੱਚੇ ਵੀ ਸਿੱਖਿਆ ਹਾਸਿਲ ਕਰਕੇ ਸਮਾਜ ਵਿੱਚ ਆਪਣਾ ਅਹਿਮ ਯੋਗਦਾਨ ਨਿਭਾ ਸਕਣ।
ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਇਨਕਲਿਊਜ਼ਿਵ ਐਜੂਕੇਸ਼ਨ ਪ੍ਰੋਗਰਾਮ ਤਹਿਤ ਮਾਨਸਿਕ ਤੌਰ ‘ਤੇ ਦਿਵਿਆਂਗ ਬੱਚਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਦੀਆਂ ਟੀਮਾਂ ਨੂੰ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਬੱਚਿਆਂ ਦਾ ਸਿਹਤ ਚੈਕਅਪ ਨਿਰਤੰਰ ਕਰਨ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਦਾ ਸਿਹਤ ਰਿਕਾਰਡ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਇਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਵਿੱਚ ਮੁਹੱਈਆ ਕਰਵਾਉਣ ਵਿੱਚ ਕੋਈ ਕਮੀ ਨਾ ਰੱਖੀ ਜਾਵੇ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਨੂੰ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਵੇ ਅਤੇ ਸਮਾਰਟ ਸਕੂਲਾਂ ਵਿੱਖੇ ਬੱਚਿਆਂ ਨੂੰ ਮਿਆਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਆਪ ਨਿੱਜੀ ਤੌਰ ‘ਤੇ ਜਾ ਕੇ ਨਿਰੀਖਣ ਕਰਨ।
ਵਧੀਕ ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣ ਅਤੇ ਯੋਗ ਲਾਭਪਾਤਰੀਆਂ ਤੱਕ ਆਪਣੇ ਪੱਧਰ ‘ਤੇ ਪਹੁੰਚ ਕੀਤੀ ਜਾਵੇ।
ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਅਤੇ ਬਾਲ ਵਿਕਾਸ ਨੂੰ ਮੀਟਿੰਗ ਵਿੱਚ ਕਿਹਾ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਟੀਚੇ ਨੂੰ ਹਾਸਿਲ ਕਰਨ ਲਈ ਡੀ.ਡੀ.ਪੀ.ਓ ਅਮਰਿੰਦਰਪਾਲ ਸਿੰਘ ਨੂੰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨਾਲ ਸੰਯੁਕਤ ਮੀਟਿੰਗ ਕਰਨ ਲਈ ਕਿਹਾ। ਉਨ੍ਹਾਂ ਆਂਗਣਵਾੜੀਆਂ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੁੱਡ ਅਤੇ ਬੈਡ ਟਚ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸੈਸ਼ਨ ਸ਼ੁਰੂ ਕਰਨ ਲਈ ਵੀ ਕਿਹਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਕਰੌਨਾ ਵੈਕਸੀਨੇਸ਼ਨ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਿਵਲ ਸਰਜਨ ਰੂਪਨਗਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਦੇ ਮੁਕੰਮਲ ਟੀਚੇ ਨੂੰ ਨਿਰਧਾਰਿਤ ਸਮੇਂ ਵਿੱਚ ਹਾਸਿਲ ਕਰਨ ਲਈ ਆਦੇਸ਼ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਗਰਭਵਤੀ ਔਰਤਾਂ ਅਤੇ ਛੌਟੇ ਬੱਚਿਆਂ ਦੀ ਹੋਈਆਂ ਮੌਤਾਂ ਦੀ ਵੀ ਸਮੀਖਿਆ ਕੀਤੀ ਅਤੇ ਸਿਹਤ ਵਿਭਾਗ ਨੂੰ ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਔਰਤਾਂ ਲਈ ਚਲਾਏ ਜਾ ਰਹੇ ਅਨੀਮਿਆ ਮੁਕਤ ਭਾਰਤ ਪ੍ਰੋਗਰਾਮ ਤਹਿਤ ਸਰਵੇਖਣ ਕਰਕੇ ਆਇਰਨ ਫੌਲਿਕ ਦਵਾਈ ਮੁਹਇਆ ਕਰਵਾਉਣ ਦੀ ਹਦਾਇਤ ਵੀ ਦਿੱਤੀ।
ਉਨ੍ਹਾਂ ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਡੇਂਗੂ ਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਨਿਰਤੰਰ ਫੋਗਿੰਗ ਕਰਵਾਉਣ ਲਈ ਰੂਪ-ਰੇਖਾ ਤਿਆਰ ਕਰਨ ਲਈ ਕਿਹਾ ਅਤੇ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਅਤਿ ਸੰਵੇਦਨਸ਼ੀਲ ਇਲਾਕਿਆਂ ਜਿਵੇਂ ਕਿ ਝੁੱਗੀ-ਝੌਂਪੜੀਆਂ, ਘਣੀ ਆਬਾਦੀ ਵਾਲੀ ਕਲੌਨੀਆਂ, ਸਰਕਾਰੀ ਇਮਾਰਤਾਂ, ਸਕੂਲਾਂ, ਕਾਲਜਾਂ ਵਿਖੇ ਫੌਗਿੰਗ ਕਰਵਾਉਣ ਦੇ ਹਦਾਇਤ ਵੀ ਜਾਰੀ ਕੀਤੀ।
ਇਸ ਮੀਟਿੰਗ ਵਿੱਚ ਡੀ.ਆਰ.ਓ. ਗੁਰਜਿੰਦਰ ਸਿੰਘ, ਡੀ.ਐਫ.ਓ. ਨਿਰੇਸ਼ ਮਹਾਜਨ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਅੰਜੂ, ਡੀ.ਐਮ.ਸੀ. ਡਾ. ਬਲਦੇਵ ਸਿੰਘ, ਆਰ.ਬੀ.ਐਸ.ਕੇ ਕਾਰਡੀਨੇਟਰ ਡਾ. ਕਿਰਨਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ, ਲੈਵਰ ਇੰਸਪੈਕਟਰ ਅਸੋਕ ਕੁਮਾਰ, ਡੀ.ਐਸ.ਪੀ. ਨਰਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।