ਬਲਬੀਰ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ ਪਿੰਡਾਂ ਵਿੱਚ ਕੋਵਿਡ ਟੈਸਟਿੰਗ ਵਧਾਉਣ ਦੇ ਨਿਰਦੇਸ਼

punjab Health minister balbir singh Sidhu
ਘਰੇਲੂ ਇਕਾਂਤਵਾਸ ਵਾਲੇ ਹਰੇਕ ਮਰੀਜ਼ ਨੂੰ ਦਿੱਤੀ ਜਾਵੇ ਕਰੋਨਾ ਫਤਿਹ ਕਿੱਟ
ਚੰਡੀਗੜ੍ਹ, 2 ਮਈ:

ਕੋਵਿਡ -19 ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰ ਰਹੇ ਪ੍ਰਾਈਵੇਟ ਕਲੀਨਿਕਾਂ ਅਤੇ ਆਰ.ਐਮਪੀਜ਼ ਦੀ ਨਜ਼ਰਸਾਨੀ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਸਰਜਨਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਨੂੰ ਵਧਾਉਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਹਾਲੇ ਵੀ ਆਪਣਾ ਟੈਸਟ ਕਰਵਾਉਣ ਤੋਂ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਪ੍ਰਤੀ ਅਜਿਹੀ ਲਾਵਪ੍ਰਵਾਹੀ ਵਾਲਾ ਵਿਹਾਰ ਉੱਚ ਜੋਖਮ ਵਾਲੀ ਅਬਾਦੀ ਲਈ ਘਾਤਕ ਸਿੱਧ ਹੋਇਆ ਹੈ।

ਮੰਤਰੀ ਨੇ ਕਿਹਾ ਕਿ ਜੇਕਰ ਕੋਈ ਇਨਫੈਕਟਡ ਵਿਅਕਤੀ ਸਮੇਂ ਰਹਿੰਦਿਆਂ ਹੀ ਆਪਣੇ ਆਪ ਟੈਸਟ ਕਰਵਾ ਲੈਂਦਾ ਹੈ ਤਾਂ ਸਾਰਾ ਇਲਾਜ ਘਰੇਲੂ ਇਕਾਂਤਵਾਸ ਵਿੱਚ ਹੀ ਹੋ ਸਕਦਾ ਹੈ। ਉੇਹਨਾਂ ਸਿਵਲ ਸਰਜਨਾਂ ਨੂੰ ਪ੍ਰਾਈਵੇਟ ਕਲੀਨਿਕਾਂ ਅਤੇ ਆਰ.ਐਮ.ਪੀਜ਼ ਨਾਲ ਮੀਟਿੰਗ ਕਰਨ ਲਈ ਕਿਹਾ ਤਾਂ ਜੋ ਕੋਵਿਡ ਦੇ ਲੱਛਣਾਂ ਵਾਲੇ ਵਿਅਕਤੀਆਂ ਦੀ ਟੈਸਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਕੋਰੋਨਾ ਫਤਿਹ ਕਿੱਟਾਂ ਦਾ ਲੋੜੀਂਦਾ ਭੰਡਾਰ ਕਾਇਮ ਰੱਖਣ ਅਤੇ ਨਾ ਹੀ ਉਨ੍ਹਾਂ ਦੇ ਸਬੰਧਤ ਜਿ਼ਲ੍ਹਿਆਂ ਵਿੱਚ ਕੋਰੋਨਾ ਕਿੱਟਾਂ ਦਾ ਕੋਈ ਬੈਕਲਾਗ  ਹੋਵੇ। ਉਨ੍ਹਾਂ ਕਿਹਾ ਕਿ ਹਰ ਮਰੀਜ਼ ਜੋ ਘਰੇਲੂ ਇਕਾਂਤਵਾਸ ਅਧੀਨ ਹੈ, ਨੂੰ ਹਰ ਰੋਜ਼ ਪ੍ਰੋਟੋਕੋਲ ਦੇ ਅਨੁਸਾਰ ਡਾਕਟਰੀ ਸਲਾਹ-ਮਸ਼ਵਰਾ ਕੀਤਾ ਜਾਵੇ। ਇਸ ਸਮੇਂ 48,529 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਜਿ਼ਲ੍ਹਾ ਟੀਮਾਂ ਵਲੋਂ  ਉਨ੍ਹਾਂ ਨੂੰ ਕਿੱਟਾਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਫੂਡ ਕਿੱਟਾਂ ਵੀ ਵੰਡੀਆਂ ਜਾਣ।ਉਨ੍ਹਾਂ ਕਿਹਾ ਕਿ ਹੁਣ ਤੱਕ ਮਰੀਜ਼ਾਂ ਨੂੰ 7,000 ਫੂਡ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਸਿਹਤ ਮੰਤਰੀ ਨੂੰ, ਸਰਕਾਰ ਵੱਲੋਂ ਕੋਵਿਡ ਕੇਅਰ ਹਸਪਤਾਲ ਵਿੱਚ ਦਵਾਈਆਂ ਦੀ ਉਪਲਬਧਤਾ ਬਾਰੇ ਜਵਾਬ ਦਿੰਦਿਆਂ ਸਿਵਲ ਸਰਜਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇੰਜ. ਰੀਮਡੇਸਿਵਿਰ ਅਤੇ ਇੰਜ. ਡੇਕਸਾਏਥਾਸੋਨ ਵਰਗੀਆਂ ਦਵਾਈਆਂ ਦਾ ਲੋੜੀਂਦਾ ਭੰਡਾਰ ਹੈ। ਸਿਵਲ ਸਰਜਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਵਿਡ ਹਸਪਤਾਲਾਂ ਵਿੱਚ ਆਕਸੀਜਨ ਦੀ ਵਰਤੋਂ ਦਾ ਆਡਿਟ ਕਰਨ ਤੋਂ ਬਾਅਦ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ, ਜਿਸ ਨਾਲ ਆਕਸੀਜਨ ਦੀ ਬੇਲੋੜੀ ਬਰਬਾਦੀ ਘਟੀ ਹੈ ਅਤੇ ਇਹ ਆਡਿਟ ਆਕਸੀਜਨ ਦੀ ਮੰਗ ਨੂੰ ਨਿਯੰਤਰਿਤ ਕਰਨ ਵਿੱਚ ਮਦਦਗਾਰ ਵੀ ਸਾਬਤ ਹੋਇਆ ਹੈ।

ਕੋਵਿਡ -19 ਨਾਲ ਜਾਨ ਗਵਾਉਣ ਵਾਲਿਆਂ ਦੇ ਅੰਤਿਮ ਸਸਕਾਰ ਲਈ ਐਸ.ਓ.ਪੀ.ਜ਼ ਦਾ ਜਿ਼ਕਰ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਾਡੀ ਮੁੱਢਲੀ ਜਿ਼ੰਮੇਵਾਰੀ ਬਣਦੀ ਹੈ ਕਿ ਅਜਿਹੇ ਅੰਤਮ ਸਸਕਾਰ ਸਾਡੀਆਂ ਸਿਹਤ ਟੀਮਾਂ ਦੀ ਨਿਗਰਾਨੀ ਵਿੱਚ ਹੀ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੋ ਲੋਕ ਸਸਕਾਰ ਦੀਆਂ ਰਸਮਾਂ ਨਿਭਾਉਂਦੇ ਹਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਪੀ.ਪੀ.ਈ. ਕਿੱਟਾਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ ਅਤੇ ਲਾਸ਼ ਨੂੰ ਲਾਜ਼ਮੀ ਤੌਰ `ਤੇ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾ ਗਏ ਕਵਰ ਵਿੱਚ ਲਪੇਟ ਕੇ ਯਕੀਨੀ ਤੌਰ ਤੇ ਰੱਖਿਆ ਜਾਣਾ ਚਾਹੀਦਾ ਹੈ।

ਮੰਤਰੀ ਨੇ ਮੀਟਿੰਗ ਨੂੰ ਦੱਸਿਆ ਕਿ 26 ਮਈ ਨੂੰ ਐਸ.ਆਈ.ਆਈ. ਕੋਲ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਦੀ ਖਰੀਦ ਸਬੰਧੀ ਆਰਡਰ ਪਾ ਦਿੱਤਾ ਗਿਆ ਸੀ ਅਤੇ ਐਸ.ਆਈ.ਆਈ ਦੇ ਜਵਾਬ ਅਨੁਸਾਰ ਟੀਕੇ ਦੀ ਉਪਲਬਧਤਾ ਬਾਰੇ 4 ਹਫ਼ਤਿਆਂ ਵਿੱਚ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਟੀਕਾ ਨਾ ਮਿਲਣ ਕਾਰਨ 18- 44 ਉਮਰ ਵਰਗ ਦੇ ਲੋਕਾਂ ਦੇ ਟੀਕਾਕਰਣ ਦਾ ਤੀਜਾ ਪੜਾਅ ਸ਼ੁਰੂ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੋਵੀਸੀ਼ਲਡ ਦੀਆਂ 3, 29,830 ਖੁਰਾਕਾਂ ਦਾ ਆਰਡਰ ਕਰ ਦਿੱਤਾ ਗਿਆ ਸੀ ਅਤੇ ਖੁਰਾਕਾਂ ਜਲਦੀ ਹੀ ਮਿਲਣ ਦੀ ਸੰਭਾਵਨਾ ਹੈ।

ਮੰਤਰੀ ਨੇ ਵੱਧ ਰਹੇ ਮਾਮਲਿਆਂ ਵੱਲ ਇਸ਼ਾਰਾ ਕਰਦੇ ਹੋਏ ਅੱਗੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ  ਕੋਵਿਡ ਕੇਅਰ ਹਸਪਤਾਲਾਂ ਵਿੱਚ ਐਲ-2 ਅਤੇ ਐਲ-3 ਬੈਡਾਂ ਦੀ ਗਿਣਤੀ ਵਧਾਈ ਜਾਵੇ। ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਕਿਸੇ ਵੀ ਘਾਟ ਨੂੰ ਪੂਰਾ ਕਰਨ ਲਈ ਸਿਹਤ ਸੇਵਾਵਾਂ ਦੇ ਡਾਇਰੈਕਟਰ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਜੋ ਪ੍ਰਭਾਵਿਤ ਮਰੀਜ਼ਾਂ ਦੇ ਸਮੇਂ ਸਿਰ ਅਤੇ ਤੁਰੰਤ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ।