ਰੂਪਨਗਰ, 10 ਜਨਵਰੀ 2022
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਰੂਪਨਗਰ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸੀਨੀਅਰ ਸਿਟੀਜ਼ਨ (80 ਸਾਲ ਦੀ ਉਮਰ ਤੋਂ ਵੱਧ), ਦਿਵਿਆਂਗ ਵਿਅਕਤੀਆਂ ਜਿਨ੍ਹਾਂ ਨੂੰ ਵੋਟਰ ਸੂਚੀ ਵਿੱਚ ਮਾਰਕ ਕੀਤਾ ਗਿਆ ਹੈ ਅਤੇ ਕੋਵਿਡ-19 ਨਾਲ ਪ੍ਰਭਾਵਿਤ ਜਾਂ ਸੰਭਾਵਿਤ ਵਿਅਕਤੀਆਂ ਨੂੰ ਵੀ ਇਸ ਵਾਰ ਪੋਸਟਲ ਬੈਲਟ ਦੀ ਸਹੂਲਤ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਸਾਰੇ ਆਪਣਾ ਵੋਟ ਦੇ ਅਧਿਕਾਰ ਤੋਂ ਵਾਂਝੇ ਨਾ ਰਹਿਣ। ਇਸ ਦੇ ਨਾਲ ਹੀ ਸਰਵਿਸ ਵੋਟਰਾਂ ਲਈ ਈ.ਟੀ.ਪੀ.ਬੀ.ਐਸ. ਦੀ ਪ੍ਰਣਾਲੀ ਰਾਹੀਂ ਪੋਸਟਲ ਬੈਲਟ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਹੋਰ ਪੜ੍ਹੋ :-ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ
ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਲੈਕਸ਼ਨ ਡਿਊਟੀ ਕਾਰਨ ਖੁਦ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣ ਤੋਂ ਅਸਮਰੱਥ ਹੈ ਤੋਂ ਉਹ ਪੋਸਟ ਬੈਲਟ (ਜੇਕਰ ਉਸਦੀ ਡਿਊਟੀ ਉਸ ਦੇ ਚੋਣ ਹਲਕੇ ਤੋਂ ਬਾਹਰ ਲੱਗੀ ਹੈ) ਜਾਂ ਈ.ਡੀ.ਸੀ. ਭਾਵ ਇਲੈਕਸ਼ਨ ਡਿਊਟੀ ਸਰਟੀਫਿਕੇਟ (ਜੇਕਰ ਉਸਦੀ ਡਿਊਟੀ ਉਸ ਦੇ ਚੋਣ ਹਲਕੇ ਦੇ ਵਿੱਚ ਲੱਗੀ ਹੈ) ਦੀ ਸਹੂਲਤ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੋਸਟਲ ਬੈਲਟ ਤੇ ਈ.ਡੀ.ਸੀ. ਸਹੂਲਤ ਪ੍ਰਾਪਤ ਕਰਨ ਲਈ ਉਸ ਵਿਧਾਨ ਸਭਾ ਹਲਕੇ ਨਾਲ ਸਬੰਧਤ ਰਿਟਰਨਿੰਗ ਅਫਸਰ ਦੇ ਦਫਤਰ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਵਿਧਾਨ ਸਭਾ ਹਲਕੇ ਵਿੱਚ ਆਪ ਦੇ ਸਟਾਫ ਦੀ ਵੋਟ ਬਣੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿੱਚ ਪੋਸਟਲ ਬੈੱਲਟ ਅਤੇ ਈ.ਡੀ.ਸੀ.ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਮਾਲ ਅਫ਼ਸਰ, ਰੂਪਨਗਰ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ ਅਤੇ ਉਹਨਾਂ ਵੱਲੋਂ ਸਮੂਹ ਵਿਭਾਗਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਸਮੂਹ ਕਰਮਚਾਰੀਆਂ ਦੀ ਪੋਸਟਲ ਬੈਲਟ ਅਤੇ ਈ.ਡੀ.ਸੀ ਦੀ ਡਿਮਾਂਡ ਦੀ ਸਮੀਖਿਆ ਕੀਤੀ ਜਾਵੇ ਤਾਂ ਜੋ ਕੋਈ ਵੀ ਕਰਮਚਾਰੀ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਤੋਂ ਇਲਾਵਾ ਸਮੂਹ ਵਿਭਾਗਾਂ ਨੂੰ ਆਪਣੇ ਪੱਧਰ ਤੋ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਵੀ ਲਿਖਿਆ ਜਾ ਚੁੱਕਾ ਹੈ ਤਾਂ ਜੋ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਨਾਲ ਇਸ ਕੰਮ ਲਈ ਹਰ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਜੀ ਦੀ ਵੈੱਬਸਾਇਟ www.eci.gov.in ਤੇ ਸਮੂਹ ਹਦਾਇਤਾਂ ਅਤੇ ਫਾਰਮ ਜਾਣਕਾਰੀ ਲਈ ਉਪਲਬਧ ਹਨ।

English




