ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ

-ਵਿਕਾਸ ਕਾਰਜਾਂ ਦੀ ਨਿਗਰਾਨੀ ਰੋਜ਼ਾਨਾ ਖ਼ੁਦ ਕਰਨ ਅਧਿਕਾਰੀ : ਡਿਪਟੀ ਕਮਿਸ਼ਨਰ
-ਡਿਪਟੀ ਕਮਿਸ਼ਨਰ ਵੱਲੋਂ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ

ਪਟਿਆਲਾ, 23 ਮਈ:-

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਜਲ ਸਪਲਾਈ ਤੇ ਸੀਵਰੇਜ, ਸਮਾਜਿਕ ਸੁਰੱਖਿਆ ਵਿਭਾਗ, ਐਸ.ਸੀ ਤੇ ਬੀ.ਸੀ. ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਨਿਗਰਾਨੀ ਅਧਿਕਾਰੀ ਰੋਜ਼ਾਨਾ ਕਰਨੀ ਯਕੀਨੀ ਬਨਾਉਣ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਪਹੁੰਚਾਉਣ ਲਈ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਕੇ ਸਰਕਾਰ ਦਾ ਮਨੋਰਥ ਪੂਰਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਮੰਡੀ ਬੋਰਡ ਵੱਲੋਂ ਸੜਕਾਂ ਦੀ ਮੁਰੰਮਤ ਤੇ ਸੜਕਾਂ ਚੌੜੀਆਂ ਕਰਨ ਦੇ ਕੰਮ ਦੀ ਸਮੀਖਿਆ ਕਰਦਿਆ ਕੰਮ ‘ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਅਤੇ ਲੋਕ ਨਿਰਮਾਣ ਵਿਭਾਗ ਦੇ ਪਟਿਆਲਾ ਜ਼ਿਲ੍ਹੇ ‘ਚ ਚਲਦੇ ਵਿਕਾਸ ਪ੍ਰੋਜੈਕਟਾਂ ਨੂੰ ਨਿਸ਼ਚਿਤ ਸਮੇਂ ਅੰਦਰ ਪੂਰਾ ਕਰਨ ਲਈ ਕਿਹਾ ਅਤੇ ਸੜਕਾਂ ਦੁਆਲੇ ਹੋਏ ਨਜਾਇਜ਼ ਕਬਜ਼ਿਆਂ ਦਾ ਸਖਤ ਨੋਟਿਸ ਲੈਂਦਿਆਂ ਇਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਸਾਕਸ਼ੀ ਸਾਹਨੀ ਨੇ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆ ਕਿਹਾ ਕਿ ਐਸ.ਸੀ ਕਾਰਪੋਰੇਸ਼ਨ ਵੱਲੋਂ ਦੋ ਮਹੀਨਿਆਂ ਦੌਰਾਨ 22 ਲਾਭਪਾਤਰੀਆਂ ਦੇ 47 ਲੱਖ ਦੇ ਲੋਨ ਮਨਜ਼ੂਰ ਕੀਤੇ ਗਏ ਹਨ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਆਸ਼ੀਰਵਾਦ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ., ਪ੍ਰੀ ਮੈਟ੍ਰਿਕ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਮੈਰਿਟ ਕਮ ਮੀਨਜ਼ ਸਕੀਮ ਦੀ ਸਮੀਖਿਆ ਕਰਦਿਆ ਉਕਤ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜ ਸੇਵੀ ਸੰਸਥਾ ਹੈਲਪਏਜ਼ ਇੰਡੀਆ ਦੇ ਸਾਂਝੇ ਉਪਰਾਲੇ ਨਾਲ ਬਜ਼ੁਰਗਾਂ ਲਈ ਟੋਲ ਫਰੀ ਏਲਡਰ ਹੈਲਪ ਲਾਈਨ ਨੰਬਰ 14567 ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਬੇਸਹਾਰਾ ਤੇ ਬੇਘਰੇ ਬਜ਼ੁਰਗਾਂ ਦੀ ਮਦਦ ਲਈ ਕੰਮ ਕਰਦੀ ਹੈ।

 

ਹੋਰ ਪੜ੍ਹੋ :- ਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼