ਭਾਸ਼ਾ ਵਿਭਾਗ , ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਮਨਾਇਆ ਜਾਵੇਗਾ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ

DLO Jagdeep Sandhu
ਭਾਸ਼ਾ ਵਿਭਾਗ , ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਮਨਾਇਆ ਜਾਵੇਗਾ ਕੌਮਾਂਤਰੀ ਮਾਤ ਭਾਸ਼ਾ ਦਿਹਾੜਾ
ਫਿਰੋਜ਼ਪੁਰ 19 ਫਰਵਰੀ 2022 

ਮਿਤੀ 21 ਫਰਵਰੀ,  2022 ਦਿਨ ਸੋਮਵਾਰ ਨੂੰ ਭਾਸ਼ਾ ਵਿਭਾਗ, ਜ਼ਿਲ੍ਹਾ  ਫਿਰੋਜ਼ਪੁਰ ਵੱਲੋੰ ਸਾਹਿਤ ਸਭਾ ਕਲਾ ਪੀਠ (ਰਜਿ.) ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ‘ਕੌਮਾਂਤਰੀ ਮਾਤ ਭਾਸ਼ਾ ਦਿਹਾੜਾ’ 21 ਫਰਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਮਨਾਇਆ ਜਾ ਰਿਹਾ ਹੈ. ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਵਿੱਚ 11 ਵਜੇ ਸ਼ੁਰੂ ਹੋਵੇਗਾ. ਸਮਾਗਮ ਵਿੱਚ ‘ਮਾਤ ਭਾਸ਼ਾ ਦੀ ਮਹੱਤਤਾ ਅਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਉੱਘੇ ਭਾਸ਼ਾ ਚਿੰਤਕ ਡਾ. ਪਰਮਜੀਤ ਸਿੰਘ ਢੀਂਗਰਾ (ਪ੍ਰੋ. ਰਿਜ਼ਨਲ ਸੈਂਟਰ, ਪੰਜਾਬ ਯੂਨੀਵਰਸਿਟੀ ਸ੍ਰੀ ਮੁਕਤਸਰ ਸਾਹਿਬ) ਵੱਲੋਂ ਦਿੱਤਾ ਜਾਵੇਗਾ. ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪ੍ਰੋ. ਜਸਪਾਲ ਘਈ, ਪ੍ਰੋ. ਗੁਰਤੇਜ ਕੋਹਾਰਵਾਲਾ, ਸ਼੍ਰੀ ਗੁਰਚਰਨ ਨੁਰਪੂਰ ਅਤੇ ਡਾ. ਰਾਮੇਸ਼ਵਰ ਸਿੰਘ ਕਟਾਰਾ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ.

ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋੰ ਡਾ. ਸੰਗੀਤਾ ਪ੍ਰਿੰਸੀਪਲ ਦੇਵ ਸਮਾਜ ਕਾਲਜ , ਫ਼ਿਰੋਜ਼ਪੁਰ , ਸ. ਚਮਕੌਰ ਸਿੰਘ ਸਰਾਂ (ਜ਼ਿਲ੍ਹਾ ਸਿੱਖਿਆ ਅਫ਼ਸਰ, ਸੈ. ਸਿ.) ਅਤੇ ਸ਼੍ਰੀ ਕੋਮਲ ਅਰੋੜਾ (ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ.) ਸ਼ਾਮਲ ਹੋ ਰਹੇ ਹਨ.  ਸ਼ਾਇਰ ਸ਼੍ਰੀ ਹਰਮੀਤ ਵਿਦਿਆਰਥੀ ਦੁਆਰਾ ਸਮਾਗਮ ਦਾ ਸੰਚਾਲਨ ਕੀਤਾ ਜਾਵੇਗਾ. ਖੋਜ ਅਫ਼ਸਰ ਦਲਜੀਤ ਸਿੰਘ ਅਤੇ ਜੂਨੀਅਰ ਸਹਾਇਕ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ‘ਤੇ ਮਾਂ ਬੋਲੀ ਪ੍ਰਤੀ ਇੱਕ ਅਹਿਦ ਲਿਆ ਜਾਵੇਗਾ. ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ  ਲਗਾਈ ਜਾ ਰਹੀ ਪੁਸਤਕ ਪ੍ਰਦਰਸ਼ਨੀ ਅਤੇ ਮਾਤ ਭਾਸ਼ਾ ਲਈ ਲਈ ਕਾਰਜਸ਼ੀਲ ਸ. ਜਗਤਾਰ ਸਿੰਘ ਸੋਖੀ  ਵੱਲੋਂ ਮਾਤ ਭਾਸ਼ਾ ਨਾਲ ਸੰਬੰਧਤ ਵਿਰਾਸਤੀ ਪ੍ਰਦਰਸ਼ਨੀ ਵੀ ਖਿੱਚ ਦਾ ਕੇੰਦਰ ਰਹਿਣਗੀਆਂ. ਭਾਸ਼ਾ ਵਿਭਾਗ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਕਲਾ ਪੀਠ(ਰਜਿ.) ਫ਼ਿਰੋਜ਼ਪੁਰ ਵੱਲੋਂ ਸਾਹਿਤ ਅਤੇ ਕਲਾ ਨਾਲ ਲਗਾਓ ਰੱਖਣ ਵਾਲੀਆਂ ਹਸਤੀਆਂ ਅਤੇ ਜ਼ਿਲ੍ਹੇ ਵਿੱਚ ਕਾਰਜਸ਼ੀਲ ਭਾਸ਼ਾ ਮੰਚਾਂ ਨੂੰ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ.