ਰੂਪਨਗਰ 22 ਫਰਵਰੀ 2022
ਭਾਸ਼ਾ ਵਿਭਾਗ ਪੰਜਾਬ,ਜ਼ਿਲ੍ਹਾ ਰੂਪਨਗਰ ਵੱਲੋਂ ਸਥਾਨਕ ਗਾਂਧੀ ਮੈਮੋਰੀਅਲ ਨੈਸ਼ਨਲ ਸੀ. ਸੈ. ਸਕੂਲ ਵਿਖੇ 21 ਫਰਵਰੀ ਦਿਨ ਸੋਮਵਾਰ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਸ. ਗੁਰਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਮਾਗ਼ਮ ਵਿੱਚ ਸ. ਜਰਨੈਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਸ੍ਰੀ ਸੁਰਜੀਤ ਸਿੰਘ ਜੀਤ, ਮੋਰਿੰਡਾ ਵਲੋਂ ਕੀਤੀ ਗਈ ਅਤੇ ਉੱਪ.ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਗੁਰਿੰਦਰਪਾਲ ਸਿੰਘ ਪ੍ਰਿੰਸੀਪਲ, ਲ਼ਵਿਸ਼ ਚਾਵਲਾ, ਡਾਇਟ ਰੂਪਨਗਰ ਅਤੇ ਪ੍ਰਿੰਸੀਪਲ ਬੀ.ਪੀ. ਐਸ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਹੋਰ ਪੜ੍ਹੋ :-ਮਾਂ ਬੋਲੀ ਪੰਜਾਬੀ ਦੇ ਪ੍ਰਚਾਰ,ਪ੍ਰਸਾਰ ਤੇ ਸੰਚਾਰ ਨੂੰ ਹਮੇਸ਼ਾ ਮੇਰੀ ਪਹਿਲ : ਸਿਵਲ ਸਰਜਨ
ਇਸ ਸਮਾਗਮ ਵਿੱਚ ਪੰਜਾਬੀ ਮਾਤ ਭਾਸ਼ਾ ਦੀ ਆਮ ਜੀਵਨ ਅਤੇ ਸਮੂਹ ਸੰਸਥਾਵਾਂ ਵਿੱਚ ਪੰਜਾਬੀ ਦੀ ਵਰਤੋਂ ਸਬੰਧੀ ਇੱਕ ਅਹਿਦ ਲੈਣ ਨਾਲ ਸ਼ੁਰੂ ਹੋਇਆ। ਵਾਰਤਕ ਲੇਖਕ ਸ੍ਰੀ ਸੰਜੀਵ ਧਰਮਾਣੀ ਦੀ ਪੁਸਤਕ ‘ਮਹਿਕ’ ਅਤੇ ਉਹਨਾਂ ਦੀ ਧਰਮ ਪਤਨੀ ਰਜਨੀ ਧਰਮਾਣੀ ਦੀ ਬਾਲ ਸਾਹਿਤ ਪੁਸਤਕ ‘ਪਾਪਾ ਦਾ ਫ਼ੋਨ’ ਪ੍ਰਧਾਨਗੀ ਮੰਡਲ ਵਲੋ ਰਿਲੀਜ਼ ਕੀਤੀਆਂ ਗਈਆਂ ਅਤੇ ਇਹਨਾਂ ਦੋਵੇਂ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਦੀਆਂ ਮਹੱਤਵਪੂਰਨ ਭਲਾਈ ਸਕੀਮਾਂ ਸਬੰਧੀ ਇੱਕ ਕਿਤਾਬਚਾ ਰਿਲੀਜ਼ ਕੀਤਾ ਗਿਆ। ਖੋਜ ਅਫ਼ਸਰ ਸ. ਗੁਰਿੰਦਰ ਸਿੰਘ ਕਲਸੀ ਨੇ ਵੱਖ-ਵੱਖ ਭਲਾਈ ਸਕੀਮਾਂ ਬਾਰੇ ਦੱਸਿਆ। ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਦੀ ਵਰਤੋਂ ਸਬੰਧੀ ਪ੍ਰਸਿੱਧ ਲੇਖਕ ਅਤੇ ਗੀਤਕਾਰ ਸੁਰਜੀਤ ਸਿੰਘ ਸੁਮਨ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਇਕ ਗੀਤ ਵੀ ਸੁਣਾਇਆ। ਪ੍ਰਿਸੀਪਲ ਲਵਿਸ਼ ਚਾਵਲਾ ਦੇ ਵਿਚਾਰਾਂ ਅਤੇ ਪੇਸ਼ ਕੀਤੀ ਗਜ਼ਲ ਨੇ ਰੰਗ ਬੰਨ ਦਿੱਤਾ।
ਮੁੱਖ ਮਹਿਮਾਨ ਸ. ਜਰਨੈਲ ਸਿੰਘ ਨੇ ਜਦੋਂ ਇਕ ਸਾਹਿਤਕ ਗੀਤ ਪੇਸ਼ ਕੀਤਾ ਤਾਂ ਸਾਰੇ ਸਰੋਤੇ ਦੰਗ ਰਹਿ ਗਏ। ਉਹਨਾਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਨਹੀਂ ਭੂੱਲਣਾ ਚਾਹੀਦਾ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਸੁਰਜੀਤ ਸਿੰਘ ਜੀਤ ਦੇ ਵਿਚਾਰਾਂ ਅਤੇ ਗਜ਼ਲਾਂ ਨਾਲ ਸਮਾਗਮ ਸਿਖਰ ਉਤੇ ਪੁੱਜਾ ਅਤੇ ਭਾਸ਼ਾ ਵਿਭਾਗ ਵੱਲੋ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਿੰਸੀਪਲ ਬੀ.ਪੀ. ਐਸ. ਠਾਕੁਰ ਨੇ ਕੀਤਾ। ਯਤਿੰਦਰ ਕੌਰ ਮਾਹਲ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਨੂੰ ਉਜਾਗਰ ਕਰਦਿਆਂ ਆਪਣੀ ਰਚਨਾ ਸੁਣਾਈ। ਕਹਾਣੀ ਲੇਖਿਕਾ ਮਨਦੀਪ ਰਿੰਪੀ ਨੇ ਭਾਸ਼ਾ ਵਿਭਾਗ ਪੰਜਾਬ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਹਨਾਂ ਤੋਂ ਇਲਾਵਾ ਸੁਰਿੰਦਰ ਕੌਰ ਸੈਣੀ, ਅਮਰਜੀਤ ਕੌਰ ਮੋਰਿੰਡਾ, ਪਰਨੀਤ ਕੌਰ, ਸੂਫ਼ੀ, ਗੁਰਨਾਮ ਸਿੰਘ ਬਿਜਲੀ, ਸੁਰੇਸ਼ ਭਿਓਰਾ, ਸੁਰਜਨ ਸਿੰਘ, ਈਸ਼ਰ ਸਿੰਘ, ਗੁਰਿੰਦਰ ਸਿੰਘ ਕਲਸੀ ਅਤੇ ਹਰਵਿੰਦਰ ਨੇ ਕਵਿਤਾਵਾਂ ਗੀਤ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਸਮਾਗਮ ਵਿੱਚ ਸ੍ਰ, ਸੁਦਾਗਰ ਸਿੰਘ, ਸਵਰਨਜੀਤਕੌਰ, ਨਰਵਿੰਦਰ ਸਿੰਘ, ਕੁਲਵੰਤ ਸਿੰਘ ਪਰਦੀਪ ਕੁਮਾਰ ਸਮੇਤ ਭਾਸ਼ਾ ਵਿਭਾਗ ਰੂਪਨਗਰ ਦੇ ਕਈ ਵਿਦਿਆਰਥੀ ਵੀ ਸ਼ਾਮਿਲ ਹੋਏ।

English




