
ਨਿਰਧਾਰਿਤ ਸਮੇਂ ’ਚ ਕੀਤਾ ਸੌ ਫੀਸਦੀ ਸ਼ਿਕਾਇਤਾਂ ਦਾ ਹੱਲ
ਪਿਛਲੇ ਸੱਤ ਮਹੀਨਿਆਂ ’ਚ 3144 ਵਿੱਚੋਂ 3084 ਸ਼ਿਕਾਇਤਾਂ ਦਾ ਨਿਪਟਾਰਾ: ਘਨਸ਼ਿਆਮ ਥੋਰੀ
ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਸਮੇਂ ਸਿਰ ਹੱਲ ਰਾਹੀਂ ਮੋਹਰੀ ਪੁਜ਼ੀਸ਼ਨ ਨੂੰ ਬਰਕਰਾਰ ਰੱਖਣ ਦੀਆਂ ਹਦਾਇਤਾਂ
ਜਲੰਧਰ, 7 ਮਾਰਚ 2022
ਪਬਲਿਕ ਡਲਿਵਰੀ ਸਿਸਟਮ ਵਿੱਚ ਇਕ ਹੋਰ ਪ੍ਰਾਪਤੀ ਹਾਸਲ ਕਰਦਿਆਂ ਜ਼ਿਲ੍ਹਾ ਜਲੰਧਰ ਨੇ ਪਿਛਲੇ 7 ਮਹੀਨਿਆਂ ਵਿੱਚ ਸਮਾਂ ਸੀਮਾ ਦੇ ਅੰਦਰ ਸੌ ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਕੇ ਸੂਬੇ ਭਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ।
ਹੋਰ ਪੜ੍ਹੋ :-ਜਨ ਅੋਸ਼ਧੀ ਕੇਂਦਰ ਲੋਕਾਂ ਨੂੰ ਮੁਹੱਈਆ ਕਰਵਾ ਰਿਹਾ ਸਸਤੀਆਂ ਤੇ ਮਿਆਰੀ ਦਵਾਈਆਂ: ਸਿਵਲ ਸਰਜਨ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਨੂੰ 3144 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁੱਲ 3084 ਸ਼ਿਕਾਇਤਾਂ ਦਾ ਸਮਾਂ ਸੀਮਾ ਦੇ ਅੰਦਰ ਨਿਪਟਾਰਾ ਕੀਤਾ ਗਿਆ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮਾਂ ਸੀਮਾਂ ਤੋਂ ਬਾਅਦ ਕੋਈ ਵੀ ਸ਼ਿਕਾਇਤ ਪੈਂਡਿੰਗ ਨਹੀਂ ਕਿਉਂਕਿ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਹੱਲ ਨਿਰਧਾਰਿਤ ਸਮੇਂ ਦੇ ਅੰਦਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਸਮਾਂ ਸੀਮਾਂ ਦੇ ਅੰਦਰ ਸਿਰਫ਼ 60 ਸ਼ਿਕਾਇਤਾਂ ਜਾਂਚ ਅਧੀਨ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਤਕ ਸ਼ਿਕਾਇਤਾਂ ਦਾ ਸਮਾਂਬੱਧ ਅਤੇ ਸੁਚਾਰੂ ਹੱਲ ਪ੍ਰਦਾਨ ਕਰਨ ਲਈ ਪੀ.ਬੀ.-ਪੀ.ਜੀ.ਆਰ.ਏ.ਐਮ.ਐਸ. ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੋਰਟਲ ਦਾ ਉਦੇਸ਼ ਸਾਰੀ ਕਿਸਮ ਦੀਆਂ ਸ਼ਿਕਾਇਤਾਂ ਲਈ ਵਨ-ਸਟਾਪ ਡਿਜੀਟਲ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜਿਸ ਵਿੱਚ ਰਿਪੋਰਟ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਸਮੇਂ ਸਿਰ ਹੱਲ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਉਂਕਿ ਇਸ ਵਿਲੱਖਣ ਪ੍ਰਣਾਲੀ ’ਤੇ ਦਰਜ ਕਿਸੇ ਵੀ ਮਾਮਲੇ ਦਾ ਨਿਪਟਾਰਾ ਸ਼ਿਕਾਇਤ ਦਾਖ਼ਲ ਕਰਨ ਦੇ 7 ਦਿਨਾਂ ਦੇ ਅੰਦਰ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਨੂੰ ਪੋਰਟਲ ‘ਤੇ ਸ਼ਿਕਾਇਤਾਂ ਦਰਜ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰਾਂ ਵਿੱਚ ਪਹਿਲਾਂ ਹੀ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੋਕ ਸਿੱਧੇ ਤੌਰ ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਨੇੜਲੇ ਸੇਵਾ ਕੇਂਦਰਾਂ ‘ਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਲਈ ਸੇਵਾ ਕੇਂਦਰ ਵੱਲੋਂ 10 ਰੁਪਏ ਸਰਵਿਸ ਫੀਸ ਲਈ ਜਾਂਦੀ ਹੈ। ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਸਮਾਂਬੱਧ ਹੱਲ ਪ੍ਰਾਪਤ ਕਰਨ ਲਈ ਇਸ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਰਟਲ ‘ਤੇ ਨਾਗਰਿਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਡਿਜੀਟਲ ਮਾਧਿਅਮ ਰਾਹੀਂ ਨਾਗਰਿਕਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਨੂੰ ਪਹਿਲੀ ਤਰਜੀਹ ਦੇਣ ਲਈ ਵਚਨਬੱਧ ਹੈ।ਇਸ ਦੌਰਾਨ ਉਨ੍ਹਾਂ ਜਲੰਧਰ ਵਿੱਚ ਇਸ ਪੋਰਟਲ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵੱਲੋਂ ਦਿਖਾਈ ਭਾਵਨਾ ਦੀ ਸ਼ਲਾਘਾ ਕਰਦਿਆਂ ਅਧਿਕਾਰੀਆਂ ਨੂੰ ਨਾਗਰਿਕ ਸੇਵਾਵਾਂ ਪ੍ਰਤੀ ਇਸ ਤਰ੍ਹਾਂ ਦੇ ਜੋਸ਼ ਅਤੇ ਜਜ਼ਬੇ ਦਾ ਪ੍ਰਦਰਸ਼ਨ ਜਾਰੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ।

English





