ਰਾਏਕੋਟ(ਲੁਧਿਆਣਾ) 9 ਨਵੰਬਰ :-
ਜੀਵੇ ਪੰਜਾਬ ਕਾਫਲ਼ੇ ਵੱਲੋਂ ਸੇਵਾਮੁਕਤ ਕਮਿਸ਼ਨਰ ਪੁਲੀਸ ਤੇ ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਸੰਸਥਾ ਦੇ ਮੈਂਬਰਾਂ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ, ਡਾ ਹਰਵਿੰਦਰ ਸਿੰਘ ਸਿੱਧੂ ਜਲਾਲਦੀਵਾਲ, ਡਾਃ ਬਲਵਿੰਦਰ ਸਿੰਘ ਲੱਖੇਵਾਲੀ, ਲੇਖਕ ਸ੍ਰੀ ਖ਼ੁਸ਼ਵੰਤ ਬਰਗਾੜੀ, ਪੰਜਾਬ ਖੇਤੀ ਯੂਨੀਵਰਸਿਟੀ ਦੇ ਅਧਿਕਾਰੀ ਤੇ ਲੇਖਕ ਡਾ ਨਿਰਮਲ ਜੌੜਾ , ਸ੍ਰੀ ਰਾਹੁਲ ਗੁਪਤਾ ਐਡਵੋਕੇਟ, ਉੱਘੇ ਬੈਂਕਰ ਸ੍ਰੀ ਹਰਪਾਲ ਸਿੰਘ ਮਾਂਗਟ, ਪੰਜਾਬੀ ਲੇਖਕ ਤੇ ਫੋਟੋ ਕਲਾਕਾਰ ਸਃ ਤੇਜਪ੍ਰਤਾਪ ਸਿੰਘ ਸੰਧੂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਕਾਫਲਾ : ਜੀਵੇ ਪੰਜਾਬ, ਪੰਜਾਬ ਅਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ ਫਿਕਰਮੰਦ ਸਮੂਹ ਹੈ।
ਇਸ ਕਾਰਜ ਲਈ ਮੁੱਢਲੇ ਸਮੇਂ ਦੌਰਾਨ ਨੋਜਵਾਨ ਪੀੜੀ ਤੇ ਕੇਂਦਰਿਤ ਹੋਣ ਲਈ ਹੇਠ ਲਿਖੇ ਯਤਨ ਉਲੀਕਣ ਬਾਰੇ ਇਸ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਵਿਦਿਆਰਥੀਆਂ ਲਈ ਰਸਮੀ ਅਤੇ ਗੈਰਰਸਮੀ ਸਿੱਖਿਆ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਜਾਵੇ। ਉਨਾਂ ਲਈ ਰੁਜਗਾਰ ਦੇ ਮੌਕਿਆ ਲਈ ਰਾਹ ਲੱਭੇ ਜਾਣ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਖੇਡਾਂ ਖੇਡਣ ਅਤੇ ਸਾਹਿੱਤਕ ਤੇ ਗਿਆਨ ਆਧਾਰਿਤ ਕਿਤਾਬਾਂ ਪੜ੍ਹਨ ਲਈ ਪ੍ਰੇਰਤ ਕੀਤਾ ਜਾਵੇ। ਨਸ਼ਿਆਂ ਵਿਰੁੱਧ ਜਾਗ੍ਰਿਤੀ ਲਹਿਰ ਲਈ ਸਰਕਾਰੀ ਵਿਭਾਗਾਂ ਦੀ ਵੀ ਮਦਦ ਲਈ ਜਾਵੇਗੀ।
ਨੌਜਵਾਨਾਂ ਨੂੰ ਹੱਥੀ ਕੰਮ ਕਰਨ ਅਤੇ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ ਜਾਵੇਗੀ। ਨੌਜਵਾਨਾ ਪੀੜ੍ਹੀ ਨੂੰ ਸੁਨਣਾ, ਸਕੂਲਾ-ਕਾਲਜਾਂ, ਖੇਡ ਮੈਦਾਨਾਂ, ਸੱਥਾ, ਵਟਸਐਪ ਗਰੁੱਪ ਤੇ ਸ਼ੋਸਲ ਮੀਡੀਆ ਦੇ ਹੋਰ ਸਾਧਨਾ ਰਾਹੀਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।
ਗੁਰਪ੍ਰੀਤ ਸਿੰਘ ਤੂਰ ਨੇ ਆਖਿਆ ਕਿ ਸਰਕਾਰੀ ਨੌਕਰੀ ਕਰਦਿਆਂ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਕਈ ਵਾਰ ਨੌਜਵਾਨ ਛੋਟੀਆ-ਛੋਟੀਆਂ ਗਲਤੀਆਂ ਅਤੇ ਜਾਗ੍ਰਿਤੀ ਦੀ ਘਾਟ ਕਾਰਨ ਅਪਰਾਧ ਦੀ ਦੁਨੀਆਂ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਬੈਠਦੇ ਹਨ।
ਉਨ੍ਹਾਂ ਨੌਜਵਾਨਾਂ ਦੇ ਭਵਿੱਖ ਦਾ ਫਿਕਰ ਕਰਦਿਆਂ ਉਹਨਾਂ ਨੂੰ ਜਿੰਦਗੀ ਜਿਉਣ ਦੇ ਚੰਗੇ ਮੌਕਿਆ ਦੀ ਹੋਂਦ ਦੀ ਆਸ ਪ੍ਰਗਟਾਈ।
ਉਨ੍ਹਾਂ ਆਖਿਆ ਕਿ ਕਾਫਲੇ ਵੱਲੋਂ ਡਾਃ ਸ ਸ ਜੌਹਲ, ਡਾਃ ਸੁਰਜੀਤ ਪਾਤਰ, ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਸਮਾਜਿਕ ਤੇ ਖੇਡ ਖੇਤਰ ਦੀਆਂ ਹੋਰ ਸਖਸੀਅਤਾਂ ਦੀ ਵੀ ਸਰਪ੍ਰਸਤੀ ਹਾਸਲ ਕੀਤੀ ਜਾਵੇਗੀ।
ਉਨ੍ਹਾਂ ਸੁਚੇਤ ਲੋਕਾਂ ਨੂੰ ਇਸ ਗੈਰ ਸਿਆਸੀ ਪਰ ਮਹੱਤਵਪੂਰਨ ਕਾਰਜਾਂ ਲਈ ਗਠਿਤ ਇਸ ਕਾਫਲੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ।
ਇਸ ਮੀਟਿੰਗ ਵਿੱਚ ਡਾਃ ਰੁਪਿੰਦਰ ਕੌਰ ਤੂਰ ਪੀ ਏ ਯੂ ਲੁਧਿਆਣਾ,ਰਣਜੀਤ ਸਿੰਘ ਰੂਮੀ, ਰਾਜਦੀਪ ਸਿੰਘ ਤੂਰ, ਬਬਲਜੀਤ ਸਿੰਘ, ਜਸਵਿੰਦਰ ਸਿੰਘ ਦੇਹੜਕਾ, ਜੀਵਨ ਕੁਮਾਰ ਗੋਲਡੀ, ਵਰਿੰਦਰ ਦਿਵਾਨਾ, ਹਰਜਿੰਦਰ ਸਿੰਘ ਸਿਬੀਆ, ਪੁਨੀਤ ਕਸ਼ਅਪ, ਸੁਖਦੇਵ ਸਿੰਘ ਮਾਣੂੰਕੇ, ਮਾਸਟਰ ਮਹਿੰਦਰ ਸਿੰਘ ਬੱਸੀਆਂ ,ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਸਰਪੰਚ ਮਾਣੂੰਕੇ ਅਤੇ ਪ੍ਰਿੰਸੀਪਲ ਦਿਲਜੀਤ ਕੌਰ ਹਠੂਰ ਸ਼ਾਮਲ ਹੋਏ।
ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਭੱਵਿਖ ਵਿੱਚ ਇਸ ਕਾਰਜ ਲਈ ਪ੍ਰੋਗਰਾਮ ਉਲੀਕਣ ਦੀ ਵੀ ਨੇੜ ਭਵਿੱਖ ਚ ਯੋਜਨਾ ਬਣਾਈ ਜਾਵੇਗੀ।

English






