ਸ਼ਾਂਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ਉਤੇ ਅੰਨ੍ਹੇਵਾਹ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡਣਾ ਖੱਟਰ ਸਰਕਾਰ ਦੀ ਵਹਿਸ਼ੀਆਨਾ ਹਰਕਤ: ਸੁਖਜਿੰਦਰ ਸਿੰਘ ਰੰਧਾਵਾ

Sukhjinder Randhawa minister punjab

ਸ਼ਾਂਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਕਿਸਾਨਾਂ ਉਤੇ ਅੰਨ੍ਹੇਵਾਹ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡਣਾ ਖੱਟਰ ਸਰਕਾਰ ਦੀ ਵਹਿਸ਼ੀਆਨਾ ਹਰਕਤ: ਸੁਖਜਿੰਦਰ ਸਿੰਘ ਰੰਧਾਵਾ
ਸੰਵਿਧਾਨ ਦਿਵਸ ਮੌਕੇ ਭਾਜਪਾ ਸਰਕਾਰ ਨੇ ਕਿਸਾਨਾਂ ਦਾ ਸੰਵਿਧਾਨਕ ਹੱਕ ਦਰੜਿਆ
ਭਾਜਪਾ ਦੀ ਦਮਨਕਾਰੀ ਕਾਰਵਾਈ ‘ਚ ਸ਼ਾਮਲ ਦੁਸ਼ਯੰਤ ਚੌਟਾਲਾ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ

ਚੰਡੀਗੜ੍ਹ, 26 ਨਵੰਬਰ     ਕਾਲੇ ਖੇਤੀ ਕਾਨੂੰਨਾਂ ਦੀ ਮੁਖਾਲਫਤ ਲਈ ਸ਼ਾਂਤਮਈ ਢੰਗ ਨਾਲ ਦਿੱਲੀ ਕੂਚ ਕਰ ਰਹੇ ਹਰਿਆਣਾ ਦੇ ਬਾਰਡਰ ਉਤੇ ਪੰਜਾਬ ਦੇ ਕਿਸਾਨਾਂ ਉਤੇ ਅੰਨ੍ਹੇਵਾਹ ਪਾਣੀਆਂ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡਣਾ ਖੱਟਰ ਸਰਕਾਰ ਦੀ ਵਹਿਸ਼ੀਆਨਾ ਹਰਕਤ ਹੈ। ਭਾਜਪਾ ਸਰਕਾਰ ਦੀ ਇਸ ਕਾਰਵਾਈ ਦੀ ਕਰੜੀ ਆਲੋਚਨਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਵਿਧਾਨ ਦਿਵਸ ਮੌਕੇ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਸੰਵਿਧਾਨਕ ਹੱਕ ਖੋਹਣ ਲਈ ਬੱਜਰ ਗਲਤੀ ਕੀਤੀ ਹੈ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਸਾਨਾਂ ਦੀ ਹਮਾਇਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣੇ ਜਮੂਹਰੀ ਹੱਕਾਂ ਦੀ ਵਰਤੋਂ ਕਰਦੇ ਹੋਏ ਦਿੱਲੀ ਵਿਖੇ ਧਰਨਾ ਦੇਣ ਜਾ ਰਹੇ ਸਨ ਜੋ ਕਿ ਦੇਸ਼ ਦੇ ਹਰ ਨਾਗਰਿਕ ਨੂੰ ਸੰਵਿਧਾਨ ਵਿੱਚ ਹੱਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਬਾਰਡਰਾਂ ਨੂੰ ਸੀਲ ਕਰ ਕੇ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਬਿਗਾਨਗੀ ਦਾ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਜਿੰਨੇ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਤਬਾਹ ਹੋਣਗੇ ਉਥੇ ਹਰਿਆਣਾ ਦੇ ਕਿਸਾਨ, ਮਜ਼ਦੂਰ ਤੇ ਆੜ੍ਹਤੀਆ ਦਾ ਭਵਿੱਖ ਵੀ ਦਾਅ ਉਤੇ ਲੱਗੇਗਾ। ਪ੍ਰੰਤੂ ਖੱਟਰ ਸਰਕਾਰ ਤਾਂ ਦਿੱਲੀ ਦਰਬਾਰ ਵਿੱਚ ਬੈਠੇ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਉਤੇ ਜ਼ੁਲਮ ਕਰਨ ‘ਤੇ ਉਤਾਰੂ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਉਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਹਰਿਆਣਾ ਸਰਕਾਰ ਦੀ ਦਮਨਕਾਰੀ ਨੀਤੀ ਵਿੱਚ ਭਾਈਵਾਲ ਦੇਵੀ ਲਾਲ ਦੇ ਪੜਪੋਤਰੇ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪਾਰਟੀ ਦਾ ਦਮ ਭਰਨ ਵਾਲੇ ਚੌਟਾਲਾ ਪਰਿਵਾਰ ਦੇ ਫਰਜ਼ੰਦ ਵੱਲੋਂ ਕਿਸਾਨ ਵਿਰੋਧੀ ਤਾਕਤਾਂ ਦੇ ਨਾਲ ਖੜ੍ਹਨ ਦੀ ਕਾਰਵਾਈ ਨੂੰ ਕਿਸਾਨ ਕਦੇ ਵੀ ਮੁਆਫ ਨਹੀਂ ਕਰਨਗੇ।