ਖੇਡਾਂ ਵਤਨ ਪੰਜਾਬ ਦੀਆਂ: ਵਾਲੀਬਾਲ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਰੋਪੜ ਦੀ ਟੀਮ ਨੂੰ ਦਿੱਤੀ ਮਾਤ

ਕਬੱਡੀ ਨੈਸ਼ਨਲ ਸਟਾਈਲ ਦੇ ਸ਼ੋਅ ਮੈਚ ਵਿੱਚ ਸ੍ਰੀ ਕੀਰਤਪੁਰ ਸਾਹਿਬ ਦੀ ਟੀਮ ਨੇ ਅਟਾਰੀ ਨੂੰ 16-09 ਨਾਲ ਹਰਾਇਆ 
ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਜੇਤੂ ਟੀਮਾਂ ਨੂੰ ਦਿੱਤੇ ਇਨਾਮ ਤੇ ਕੀਤੀ ਹੌਂਸਲਾ ਅਫਜ਼ਾਈ 
ਰੂਪਨਗਰ, 12 ਸਤੰਬਰ :-  
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਪਹਿਲੇ ਦਿਨ ਨਹਿਰੂ ਸਟੇਡੀਅਮ ਵਿਖੇ ਸ਼ੁਰੂ ਹੋਏ ਮੁਕਾਬਲਿਆਂ ਅਧੀਨ ਬਹੁਤ ਹੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਜ਼ਿਲ੍ਹਾ ਪੱਧਰੀ ਖੇਡਾਂ ਦੇ ਪਹਿਲੇ ਦਿਨ ਵਾਲੀਬਾਲ ਦੇ ਅੰਡਰ 14 ਉਮਰ ਵਰਗ ਦੇ ਲੜਕੀਆਂ ਦੇ ਮੁਕਾਬਲੇ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਰੋਪੜ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ।
ਇਸ ਫਸਵੇਂ ਮੁਕਾਬਲੇ ਨੂੰ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਵਾਲੀਬਾਲ ਗਰਾਊਂਡ ਦੇ ਬਿਲਕੁਲ ਕੋਲ ਬੈਠ ਕੇ ਦੇਖਿਆ। ਵਾਲੀਬਾਲ ਦੇ ਮੈਚ ਦੌਰਾਨ ਬਹੁਤ ਹੀ ਫਸਵਾਂ ਮੁਕਾਬਲਾ ਹੋਇਆ ਤੇ ਦੋਵੇਂ ਟੀਮਾਂ ਨੇ ਜਿੱਤ ਲਈ ਪੂਰਾ ਜ਼ੋਰ ਲਾਇਆ ਪਰ ਅੰਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਇਹ ਮੁਕਾਬਲਾ ਰੋਪੜ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ।
ਇਸ ਤੋਂ ਇਲਾਵਾ ਕਬੱਡੀ ਨੈਸ਼ਨਲ ਸਟਾਈਲ ਦੇ ਸ਼ੋਅ ਮੈਚ ਵਿੱਚ ਸ੍ਰੀ ਕੀਰਤਪੁਰ ਸਾਹਿਬ ਦੀ ਟੀਮ ਨੇ ਅਟਾਰੀ ਨੂੰ 16-09 ਨਾਲ ਮਾਤ ਦਿੱਤੀ। ਇਸ ਮੈਚ ਵਿਚ ਖਿਡਾਰਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਦਰਸ਼ਕਾਂ ਵਲੋਂ ਵੀ ਤਾੜੀਆਂ ਦੇ ਰੂਪ ਵਿਚ ਖਿਡਾਰਨਾਂ ਦੀ ਹੌਂਸਲਾ ਅਫਜ਼ਾਈ ਵਿਚ ਕੋਈ ਕਸਰ ਨਹੀਂ ਛੱਡੀ।
ਜੇਤੂ ਟੀਮਾਂ ਦਾ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਨਮਾਨ ਕੀਤਾ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ।