ਔਰਤਾਂ ਦੇ ਅਨਾਜ ਦੀ ਵਰਤੋਂ ਸਬੰਧੀ ਕਰਵਾਏ ਮੁਕਾਬਲੇ
ਪਟਿਆਲਾ, 17 ਸਤੰਬਰ 2021
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇਫਕੋ ਦੇ ਸਹਿਯੋਗ ਨਾਲ ਅੱਜ ਪੋਸ਼ਣ ਵਾਟਿਕਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਡਾ. ਵਿਪਨ ਕੁਮਾਰ ਰਾਮਪਾਲ ਨੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿਚ ਰੁੱਖ ਲਗਾਉਣ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ ਨਾਲ ਆਮਦਨ ਦਾ ਵੀ ਸਰੋਤ ਹਨ। ਸਟੇਟ ਮੈਨੇਜਰ, ਇਫਕੋ ਸ੍ਰੀ ਬਹਾਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਸਾਨੀ ਦੀ ਭਲਾਈ ਵਿਚ ਇਫਕੋ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਅਤੇ ਰਵਾਇਤੀ ਖ਼ੁਰਾਕ ਨਾਲ ਬੱਚਿਆਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ।
ਹੋਰ ਪੜ੍ਹੋ :-ਨਰੋਏ ਵਾਤਾਵਰਣ ਦੀ ਸਿਰਜਣਾ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਜ਼ਰੂਰਤ: ਸਾਧੂ ਸਿੰਘ ਧਰਮਸੋਤ
ਡਾ. ਗੁਰਉਪਦੇਸ਼ ਕੌਰ, ਸਹਿਯੋਗੀ ਪ੍ਰੋਫ਼ੈਸਰ (ਗ੍ਰਹਿ ਵਿਗਿਆਨ) ਨੇ ਘਰ ਵਿਚ ਵਿਰਾਸਤੀ ਅਨਾਜਾਂ ਦੀ ਵਰਤੋਂ ਅਤੇ ਖ਼ੁਰਾਕ ਮਹੱਤਤਾ ਦੀ ਜਾਣਕਾਰੀ ਦਿੱਤੀ। ਡਾ. ਰਚਨਾ ਸਿੰਗਲਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਹਾਜ਼ਰੀਨ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਦੀ ਵਿਉਂਤਬੰਦੀ ਕਰਕੇ ਪਰਿਵਾਰ ਦੀ ਲੋੜ ਮੁਤਾਬਕ ਸਬਜ਼ੀਆਂ ਤੇ ਫਲ ਲਗਾਉਣ ਸਬੰਧੀ ਜਾਣਕਾਰੀ ਦਿੱਤੀ। ਡਾ. ਰਜਨੀ ਗੋਇਲ ਨੇ ਫਲ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਹਰਦੀਪ ਸਿੰਘ ਸਭੀਖੀ ਨੇ ਮਧੂ-ਮੱਖੀ ਪਾਲਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਬਜ਼ੀਆਂ ਦੀ ਕਿੱਟਾਂ ਅਤੇ ਫਲਦਾਰ ਬੂਟੇ ਵੀ ਵੰਡੇ ਗਏ ਅਤੇ ਆਏ ਹੋਏ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਵੈਬ ਟੈਲੀਕਾਸਟ ਰਾਹੀਂ ਦਿੱਲੀ ਤੋਂ ਵੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਦੇਖਿਆ।
ਇਸ ਮੌਕੇ ਤੇ ਵਿਰਾਸਤੀ ਮੋਟੇ ਅਨਾਜਾਂ ਜਿਵੇਂ ਕਿ ਜਵਾਰ, ਬਾਜਰਾ, ਸਵਾਂਕ ਆਦਿ ਦੀ ਵਰਤੋਂ ਬਾਰੇ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂ ਔਰਤਾਂ ਕੁਲਵਿੰਦਰ ਕੌਰ (ਪਿੰਡ ਇੰਦਰਪੁਰਾ), ਗੁਰਦੀਪ ਕੌਰ (ਪਿੰਡ ਪਨੋਦੀਆਂ), ਨਵਪ੍ਰੀਤ ਕੌਰ (ਨਾਭਾ), ਸੰਦੀਪ ਕੌਰ (ਪਿੰਡ ਮਾਂਗੇਵਾਲ) ਅਤੇ ਚਰਨਜੀਤ ਕੌਰ (ਪਿੰਡ ਕੱਲਰਮਾਜਰੀ) ਨੇ ਇਨਾਮ ਜਿੱਤੇ।

English






