ਆਓ, ਯੋਧੇ ਅਤੇ ਰੋਕਾਂ ਬਣ ਕੇ ਕੋਵਿਡ-19 ਵਿਰੁੱਧ ਜੰਗ ਉਤੇ ਫਤਿਹ ਪਾਈਏ- ਵਿਧਾਇਕ ਵੱਲੋਂ ਪੇਂਡੂ ਇਲਾਕਿਆਂ ਵਿਚ ਮਹਾਂਮਾਰੀ ਖਿਲਾਫ਼ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੋਕਾਂ ਨੂੰ ਸਿਹਤ ਸੁਰੱਖਿਆ ਉਪਾਵਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਕਿਹਾ, ਪੇਂਡੂ ਖੇਤਰਾਂ ਵਿਚ ਮਿਰਤਕ ਦਰ ਚਾਰ ਗੁਣਾ ਵਧ ਕੇ 2.8 ਫੀਸਦੀ ਉਤੇ ਪਹੁੰਚੀ

ਹੁਸ਼ਿਆਰਪੁਰ, 5 ਮਈ

          ਲੋਕਾਂ ਨੂੰ ਕੋਵਿਡ ਦੇ ਖਿਲਾਫ਼ ਯੋਧੇ ਬਣਨ ਅਤੇ ਰੋਕਾਂ ਬਣਨ ਦਾ ਸੱਦਾ ਦਿੰਦੇ ਹੋਏ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ 20 ਸਰਪੰਚਾਂ ਨਾਲ ਮੁਲਾਕਾਤ ਕੀਤੀ ਤਾਂ ਕਿ ਆਪੋ-ਆਪਣੇ ਪਿੰਡਾਂ ਵਿਚ ਕੋਵਿਡ-19 ਸਬੰਧੀ ਇਹਤਿਆਤ ਵਰਤਣ ਦੀ ਲੋੜ ਨੂੰ ਦਰਸਾਇਆ ਜਾ ਸਕੇ ਅਤੇ ਪੇਂਡੂ ਇਲਾਕਿਆਂ ਵਿਚ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।

ਕੋਵਿਡ-19 ਵਿਰੁੱਧ ਯੋਧੇ ਅਤੇ ਰੋਕਾਂ ਬਣਨ ਦੀ ਮੁਹਿੰਮ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਪੇਂਡੂ ਇਲਾਕੇ ਵਿਚ ਇਸ ਮਹਾਂਮਾਰੀ ਖਿਲਾਫ਼ ਪੰਚਾਇਤਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਵਡੇਰੇ ਜਨਤਕ ਹਿੱਤ ਵਿਚ ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਸਰਪੰਚਾਂ ਨੂੰ ਮਿਲਣਾ ਜਾਰੀ ਰੱਖਣਗੇ ਕਿਉਂ ਜੋ ਪੇਂਡੂ ਇਲਾਕਿਆਂ ਵਿਚ ਮਿਰਤਕ ਦਰ 2.8 ਫੀਸਦੀ ਰਿਕਾਰਡ ਕੀਤੀ ਗਈ ਜੋ ਸ਼ਹਿਰੀ ਇਲਾਕਿਆਂ ਵਿਚ 0.7 ਫੀਸਦੀ ਦੇ ਮੁਕਾਬਲੇ ਚਾਰ ਫੀਸਦੀ ਵੱਧ ਹੈ।

          ਡਾਕਟਰਾਂ ਦੀ ਟੀਮ ਨਾਲ ਵਿਧਾਇਕ ਨੇ ਹਰਤਾ ਬਾਦਲਾ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਚ ਸਰਪੰਚਾਂ ਨਾਲ ਲੰਮੀ ਵਿਚਾਰ-ਚਰਚਾ ਕੀਤੀ ਤਾਂ ਕਿ ਉਨ੍ਹਾਂ ਨੂੰ ਕੋਵਿਡ ਦੀ ਦੂਜੀ ਲਹਿਰ ਅਤੇ ਇਸ ਦੇ ਅਸਰ ਬਾਰੇ ਪੇਂਡੂ ਇਲਾਕਿਆਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਉਣ ਲਈ ਹੱਲਾਸ਼ੇਰੀ ਦਿੱਤੀ ਜਾ ਸਕੇ। ਡਾ. ਰਾਜ ਕੁਮਾਰ ਚੱਬੇਵਾਲ ਨੇ ਜੋਰ ਦੇ ਕੇ ਕਿਹਾ ਕਿ ਕੋਵਿਡ ਸਬੰਧੀ ਇਹਤਿਆਤ ਨੂੰ ਸੰਜੀਦਗੀ ਨਾਲ ਅਪਣਾਉਣ ਸਦਕਾ ਹੀ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਜਿਸ ਕਰਕੇ ਲੋਕਾਂ ਨੂੰ ਕਿਸੇ ਵੀ ਪੱਧਰ ਉਤੇ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਨੇ ਸਰਪੰਚਾਂ, ਚੁਣੇ ਹੋਏ ਹੋਰ ਨੁਮਾਇੰਦਿਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਵਾਇਰਸ ਉਤੇ ਕਾਬੂ ਪਾਉਣ ਲਈ ਤਾਲਮੇਲ ਅਤੇ ਇਕਜੁਟਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

          ਵਿਧਾਇਕ ਡਾ. ਰਾਜ ਕੁਮਾਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ, ਸਿਵਲ ਤੇ ਪੁਲੀਸ ਪ੍ਰਸ਼ਾਸਨ ਇਸ ਵਾਇਰਸ ਦੀ ਰੋਕਥਾਮ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸਮੇਂ ਸਿਰ ਟੈਸਟਿੰਗ ਅਤੇ ਟੀਕਾਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂਅ ਨੂੰ ਕੰਟੈਕਟ ਟ੍ਰੇਸਿੰਗ ਅਤੇ ਏਕਾਂਤਵਾਸ ਦੇ ਸਮੇਂ ਦੀ ਪਾਲਣਾ ਕਰਨ ਲਈ ਮੈਡੀਕਲ ਟੀਮਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ, ਫੈਕਟਰੀਆਂ ਅਤੇ ਪੁਲੀਸ ਚੌਕੀਆਂ ਵਿਚ ਟੈਸਟਿੰਗ ਅਤੇ ਟੀਕਾਕਰਨ ਲਈ ਹਰਤਾ ਬਾਦਲਾ ਬਲਾਕ ਵਿਚ 10 ਮੈਡੀਕਲ ਟੀਮਾਂ ਕੰਮ ਕਰ ਰਹੀਆਂ ਹਨ। ਡਾ. ਰਾਜ ਕੁਮਾਰ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੇ 1 ਮਈ ਤੋਂ 4 ਮਈ ਦੇ ਸਮੇਂ ਦਰਮਿਆ 1770 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ-19 ਦੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਢੁਕਵੇਂ ਬੰਦੋਬਸਤ ਕੀਤੇ ਹਨ।

          ਇਸ ਦੌਰਾਨ ਸਰਪੰਚਾਂ ਨੇ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਉਹ ਆਪੋ-ਆਪਣੇ ਪਿੰਡਂ ਵਿਚ ਲੋਕਾਂ ਨੂੰ ਕੋਵਿਡ ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਬਾਰੇ ਸੁਚੇਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

          ਇਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਹਰਤਾ ਬਾਦਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਬੱਧਣ, ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਵਿਚ ਹਰਤਾ ਦਾ ਸਰਪੰਚ ਬਲਬੀਰ ਸਿੰਘ, ਬਾਦਲਾ ਕਲਾਂ ਦੇ ਭੀਮ ਸਿੰਘ, ਭਾਮ ਦੇ ਸੁਖਦੇਵ ਸਿੰਘ, ਭਾਮ ਦੇ ਪਿੰਦਰਪਾਲ ਸਿੰਘ, ਖੇੜਾ ਕਲਾਂ ਦੇ ਸੁਦੇਸ਼ ਕੁਮਾਰੀ, ਹਰਮੋਇਆ ਦੇ ਅਮਰਜੀਤ ਸਿੰਘ, ਰਾਜਪੁਰ ਭਾਈਆਂ ਦੇ ਸੁਖਦੇਵ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਪੰਚਾਇਤ ਮੈਂਬਰ ਅਵਤਾਰ ਸਿੰਘ, ਅਮਰ ਚੰਦ, ਰਵੀ ਕੁਮਾਰ, ਗੌਰਵ ਅਰੋੜਾ ਵੀ ਹਾਜ਼ਰ ਸਨ।