4932 ਖੁਰਾਕਾਂ ਪਹੁੰਚੀਆਂ ਜਿਲੇ੍ਹ ਵਿੱਚ
ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ-ਡਿਪਟੀ ਡਾਇਰੈਕਟਰ ਪਸ਼ੂ ਪਾਲਣ
ਅੰਮ੍ਰਿਤਸਰ, 8 ਅਗਸਤ 2022
ਲੰਪੀ ਸਕਿਨ ਬਿਮਾਰੀ ਨਾਲ ਨਜਿੱਠਣ ਲਈ ਸਰਕਾਰ ਹਰੇਕ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਹੁਣ ਤੱਕ ਜਿਲੇ੍ਹ ਵਿੱਚ ਤਕਰੀਬਨ 1650 ਪਸ਼ੂ ਇਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਦਾ ਇਲਾਜ ਸਬੰਧਤ ਵੈਟਨਰੀ ਅਫਸਰਾਂ ਅਤੇ ਵੈਟਨਰੀ ਇੰਸਪੈਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਵੈਟ ਦੇ ਪੈਂਡਿੰਗ ਕੇਸਾਂ ਨੂੰ 4 ਮਹੀਨਿਆਂ ਵਿੱਚ ਨਿਪਟਾਇਆ ਜਾਵੇਗਾ- ਹਰਪਾਲ ਸਿੰਘ ਚੀਮਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਦੇ ਪਸੂ ਪਾਲਣ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ ਦੇ ਮੱਦੇਨਜਰ ਵਿਭਾਗ ਵੱਲੋਂ ਪਿੰਡ ਪਿੰਡ ਜਾ ਕੇ ਬਿਮਾਰੀ ਪਸੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਥੇ ਹੀ ਪਿੰਡਾਂ ਵਿਚ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਇੰਨ੍ਹਾਂ ਕੈਂਪਾਂ ਵਿਚ ਪਸੂ ਪਾਲਕਾਂ ਨੂੰ ਬਿਮਾਰੀ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਸੂਦਨ ਨੇ ਦੱਸਿਆ ਕਿ ਜਿਲੇ ਵਿੱਚ 55 ਟੀਮਾਂ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ 1650 ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਤੰਦਰੁਸਤ ਜਾਨਵਰਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਵੈਕਸੀਨ ਦੀਆਂ 4932 ਖੁੁਰਾਕਾਂ ਪਹੁੰਚ ਚੁੱਕੀਆਂ ਹਨ ਜਿੰਨਾਂ ਵਿੱਚੋਂ 2516 ਖੁਰਾਕਾਂ ਪਸ਼ੂਆਂ ਨੂੰ ਲਗਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਰਹਿੰਦਿਆਂ 2416 ਖੁਰਾਕਾਂ ਅੱਜ ਸ਼ਾਮ ਤੱਕ ਪਸ਼ੂਆਂ ਨੂੰ ਲਗਾ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਨਵਰਾਜ ਸਿੰਘ ਸੰਧੂ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਹੁਣ ਤੱਕ ਗੋਕੇ ਪਸ਼ੂ ਹੀ ਪ੍ਰਭਾਵਿਤ ਹੋਏ ਹਨ ਅਤੇ ਮੱਝਾਂ ਦੇ ਵਿੱਚ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜਿਆਦਾਤਰ ਪਸ਼ੂ ਤਕਰੀਬਨ 2 ਹਫਤਿਆਂ ਵਿੱਚ ਠੀਕ ਹੋ ਰਹੇ ਹਨ ਅਤੇ ਮੌਤ ਦਰ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੇ ਬਜਾਏ ਸਮੇਂ ਸਿਰ ਆਪਣੇ ਪਸੂਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਨੇ ਪਸੂਆਂ ਨੂੰ ਬੀਮਾਰੀ ਤੋਂ ਬਚਾਉਣ ਦੇ ਤਰੀਕੇ ਵੀ ਦੱਸੇ। ਉਨ੍ਹਾਂ ਨੇ ਦੱਸਿਆ ਕਿ ਇਹ ਬੀਮਾਰੀ ਪਸੂਆਂ ਤੋਂ ਮਨੁੱਖਾਂ ਨੂੰ ਨਹੀਂ ਫੈਲਦੀ ਹੈ, ਇਸ ਕਰਕੇ ਬਿਮਾਰ ਪਸੂ ਦਾ ਦੁੱਧ ਵੀ ਉਬਾਲ ਕੇ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਬੀਮਾਰੀ ਦੇ ਲਛੱਣ ਆਣ ਤੇ ਬੀਮਾਰ ਪਸੂ ਨੂੰ ਤੁਰੰਤ ਤੰਦਰੁਸਤ ਪਸੂਆਂ ਤੋਂ ਵੱਖਰਾ ਕਰਕੇ ਮਾਹਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪਸੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਰੋਗ ਪ੍ਰਤਿ੍ਰਰੋਧਕ ਤਾਕਤ ਵਧਾਉਣ ਵਾਲੀ ਦਵਾਈਆਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪਸੂ ਤੇ ਬੀਮਾਰੀ ਦਾ ਪ੍ਰਭਾਵ ਘੱਟ ਹੋਵੇ ਤੇ ਪਸੂ ਛੇਤੀ ਠੀਕ ਹੋ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਦੇ ਸੈਡਾਂ ਵਿਚ ਫਾਰਮਲੀਨ ਦੇ ਇਕ ਫੀਸਦੀ ਘੋਲ ਦੀ ਸਪਰੇਅ ਕੀਤੀ ਜਾਵੇ।

English






