ਪਟਿਆਲਾ, 27 ਅਕਤੂਬਰ 2021
ਮਾਰਕੀਟ ਕਮੇਟੀ ਪਟਿਆਲਾ ਅਧੀਨ ਆਉਂਦੀ ਦਾਣਾ ਮੰਡੀ ਧਬਲਾਨ ਵਿਖੇ ਕਿਸਾਨਾਂ ਦੀ ਜਿਣਸ ਦਾ ਭਾਰ ਵਧ ਤੋਲਣ ਵਾਲੇ ਇੱਕ ਆੜਤੀਏ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਮਾਰਕੀਟ ਕਮੇਟੀ ਦੇ ਸਕੱਤਰ ਪਰਮਪਾਲ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮੰਡੀਆਂ ਦਾ ਨਿਰੀਖਣ ਕਰਦੇ ਹੋਏ ਕੀਤੀ।
ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ
ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਆੜਤੀਆ ਜਾਂ ਕਮਿਸ਼ਨ ਏਜੰਟ ਕਿਸਾਨਾਂ ਵੱਲੋਂ ਮੰਡੀਆਂ ‘ਚ ਵੇਚਣ ਲਈ ਲਿਆਂਦੀ ਗਈ ਝੋਨੇ ਦੀ ਜਿਣਸ ਦਾ ਵੱਧ ਭਾਰ ਤੋਲਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਧਬਲਾਨ ਮੰਡੀ ‘ਚ ਮਾਰਕੀਟ ਕਮੇਟੀ ਸਕੱਤਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਮੈਜਰਜ ਸੋਮਨਾਥ ਬਲਦੇਵ ਕ੍ਰਿਸ਼ਨ ਨਾਮ ਦੀ ਫਰਮ ਕੋਲ ਆਪਣੀ ਜਿਣਸ ਵੇਚਣ ਲਈ ਲੈ ਕੇ ਆਏ ਕਿਸਾਨ ਜਗਤਾਰ ਸਿੰਘ ਵਾਸੀ ਪਿੰਡ ਧਬਲਾਨ, ਦਾ ਝੋਨਾ ਪ੍ਰਤੀ ਬੋਰੀ 800 ਗ੍ਰਾਮ ਵੱਧ ਤੋਲਿਆ ਜਾ ਰਿਹਾ ਸੀ। ਕੁਲ 130 ਬੋਰੀਆਂ ਵਿੱਚ ਪ੍ਰਤੀ ਬੋਰੀ 800 ਗ੍ਰਾਮ ਵੱਧ ਝੋਨਾ ਪਾਇਆ ਗਿਆ, ਜਿਸ ‘ਤੇ ਕਾਰਵਾਈ ਕਰਦਿਆਂ ਸਬੰਧਤ ਫਰਮ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ।
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ‘ਚ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਆੜਤੀਆ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

English






