ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਿਆ ਜਾਇਜਾ, ਸਿੱਖਿਆ ਵਿਵਸਥਾ ਦੀ ਖੁੱਲ੍ਹੀ ਪੋਲ

MANISH
ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਿਆ ਜਾਇਜਾ, ਸਿੱਖਿਆ ਵਿਵਸਥਾ ਦੀ ਖੁੱਲ੍ਹੀ ਪੋਲ
-ਮੁੱਖ ਮੰਤਰੀ ਚੰਨੀ ਦੇ ਨਾਨਕੇ ਪਿੰਡ ਮਕੜੌਨਾ ਕਲਾਂ ਦੇ ਸਕੂਲ ’ਚ ਮਿਲੇ ਟੁੱਟੇ ਝੂਲੇ, ਗੁਰਦੁਆਰਾ ਤੋਂ ਲਿਆਂਦਾ ਜਾਂਦਾ ਪਾਣੀ
-ਪੰਜਾਬ ਸਰਕਾਰ ਮਾੜੀ ਵਿਵਸਥਾ ਨੂੰ ਨੰਬਰ ਇੱਕ ਕਹੇਗੀ ਤਾਂ ਇਹ ਬੱਚਿਆਂ ਦੇ ਭਵਿੱਖ ਨਾਲ ਹੈ ਖ਼ਿਲਵਾੜ: ਮਨੀਸ਼ ਸਿਸੋਦੀਆ

ਚੰਡੀਗੜ੍ਹ, 1 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੁ ਅਤੇ ਦਿੱਲੀ ਦੇ ਸਿੱਖਿਆ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਕਾਰ ਸਿੱਖਿਆ ਵਿਵਸਥਾ ’ਤੇ ਛਿੱੜੀ ਬਹਿਸ ’ਚ ਭਾਂਵੇ ਹੀ ਪੰਜਾਬ ਸਰਕਾਰ ਵੱਲੋਂ ਸਭ ਤੋਂ ਚੰਗੇ 250 ਸਕੂਲਾਂ ਦੀ ਸੂਚੀ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤੀ ਗਈ, ਪਰ ਮਨੀਸ਼ ਸਿਸੋਦੀਆ ਨੇ ਦੋ ਕਦਮ ਅੱਗੇ ਵਧਾਉਂਦਿਆਂ ਖੁੱਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਪੈਂਦੇ ਉਨ੍ਹਾਂ ਦੇ ਨਾਨਕੇ ਪਿੰਡ ਮਕੜੌਨਾ ਕਲਾਂ ਦੇ ਪ੍ਰਾਇਮਰੀ ਸਕੂਲ ਦਾ ਜਾਇਜਾ ਲਿਆ।

ਹੋਰ ਪੜ੍ਹੋ :-ਪਟਿਆਲਾ ਪੁਲਿਸ ਵੱਲੋਂ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੀਆਂ ਚਾਰ ਔਰਤਾਂ ਗ੍ਰਿਫ਼ਤਾਰ

ਮਨੀਸ ਸਿਸੋਦੀਆ ਨੂੰ ਮੁੱਖ ਮੰਤਰੀ ਚੰਨੀ ਦੇ ਨਾਨਕੇ ਪਿੰਡ ਮਕੜੌਨਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਜਮਾਤਾਂ ਨੂੰ ਕੇਵਲ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ’ਤੇ  ਪੜ੍ਹਾਉਣ ਵਾਲੇ ਇੱਕ ਅਧਿਆਪਕ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਅਧਿਆਪਕ ਨੇ ਆਪਣੀਆਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਲਈ ਨੇੜਲੇ ਗੁਰਦੁਆਰਾ ਸਾਹਿਬ ਤੋਂ ਪਾਣੀ ਲਿਆਉਣਾ ਪੈਂਦਾ ਹੈ। ਬੱਚਿਆਂ ਲਈ ਲਾਏ ਝੂਲੇ ਵੀ ਟੁੱਟੇ  ਹੋਏ ਸਨ।

ਇਸ ਤੋਂ ਪਹਿਲਾ ਮਨੀਸ਼ ਸਿਸੋਦੀਆ ਪਿੰਡ ਚੱਕਲਾ ਦੇ ਪ੍ਰਾਇਮਰੀ ਸਕੂਲ ਵੀ ਪਹੰਚੇ ਸਨ। ਇੱਥੇ ਸਕੂਲ ਦੇ ਕਮਰਿਆਂ ਵਿੱਚ ਥਾਂ- ਥਾਂ ਜਾਲੇ ਲੱਗੇ ਹੋਏ ਸਨ, ਕੂੜਾ -ਕਰਕਟ ਪਿਆ ਸੀ, ਸਕੂਲ ਦੇ ਪਖ਼ਾਨੇ ਵੀ ਜ਼ਰਜ਼ਰ ਅਤੇ ਬਦਬੂਦਾਰ ਹਾਲਤ ਵਿੱਚ ਮਿਲੇ। ਇਥੋਂ ਤੱਕ ਕਿ ਕਮਰਿਆਂ ਦਾ ਰੰਗ ਰੋਗਨ ਉਤਰਿਆ ਹੋਇਆ ਸੀ, ਫਰਨੀਚਰ ਟੁੱਟਿਆ ਹੋਇਆ ਅਤੇ ਬਿਜਲੀ ਵਿਵਸਥਾ ਵੀ ਮਾੜੀ ਹਾਲਤ ਵਿੱਚ ਮਿਲੀ।

ਸਕੂਲਾਂ ਦੀਆਂ ਸਮੱਸਿਆਵਾਂ ਜਾਨਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ, ‘‘ਜੇ ਅਜਿਹੀ ਮਾੜੀ ਸਿੱਖਿਆ ਵਿਵਸਥਾ ਨੂੰ ਪੰਜਾਬ ਸਰਕਾਰ ਨੰਬਰ ਇੱਕ ਕਹਿੰਦੀ ਹੈ ਤਾਂ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ’’

ਪੰਜਾਬ ਦੀ ਸਿੱਖਿਆ ਵਿਵਸਥਾ ਨਾਲ ਹੋ ਰਹੇ ਖਿਲਵਾੜ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ ਸਕੂਲਾਂ ਅਤੇ ਸਿੱਖਿਆ ਵਿਵਸਥਾ ਨੂੰ ਸਭ ਤੋਂ ਚੰਗੀ ਹੋਣ ਦੇ ਦਾਅਵੇ ਬਾਰੇ ਸਿਸੋਦੀਆ ਸੋਚਣ ਲਈ ਮਜ਼ਬੂਰ ਹੋ ਗਏ ਕਿ ਪਰਗਟ ਸਿੰਘ ਨੇ ਆਖ਼ਰ ਕਿਸ ਆਧਾਰ ’ਤੇ ਇਹ ਦਾਅਵਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸੂਬੇ ਦੇ ਸਕੂਲਾਂ ਨੂੰ ਦਿੱਲੀ ਅਤੇ ਦੇਸ਼ ਦੇ ਸਕੂਲਾਂ ਦੀ ਤੁਲਨਾ ਵਿੱਚ ਚੰਗਾ ਹੋਣ ਦਾ ਦਾਅਵਾ ਕੀਤਾ ਸੀ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਸਿੱਖਿਆ ਵਿਵਸਥਾ ’ਤੇ ਛਿੱੜੀ ਬਹਿਸ ਦੌਰਾਨ ਪਰਗਟ ਸਿੰਘ ਨੇ 250 ਚੰਗੇ ਸਕੂਲ ਦਿਖਾਉਣ ਦਾ ਦਾਅਵਾ ਕੀਤਾ ਸੀ। ਪਰ ਆਮ ਆਦਮੀ ਪਾਰਟੀ ਦੀ ਮੰਗ ਦੇ ਬਾਵਜੂਦ ਪੰਜਾਬ ਸਰਕਾਰ ਨੇ ਸੂਬੇ ਦੇ 250 ਚੰਗੇ ਸਕੂਲਾਂ ਦੀ ਸੂਚੀ ਆਮ ਆਦਮੀ ਪਾਰਟੀ ਨੂੰ ਨਹੀਂ ਸੌਂਪੀ। ਇਸ ਕਾਰਨ ਮਨੀਸ਼ ਸਿਸੋਦੀਆ ਖੁੱਦ ਪੰਜਾਬ ਦੇ ਸਕੂਲਾਂ ਦੇ ਦੌਰੇ ’ਤੇ ਆਏ ਹਨ ਅਤੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਚਲੇ ਸਕੂਲ ਦਾ ਵੀ ਦੌਰਾ ਕੀਤਾ।

ਚੰਨੀ ਸਾਬ, ਪੰਜਾਬ ਦੇ ਬੱਚਿਆਂ ਨੂੰ ਦਿੱਲੀ  ਜਿਹੀ ਸ਼ਾਨਦਾਰ ਸਿੱਖਿਆ ਦੇਵਾਂਗੇ: ਕੇਜਰੀਵਾਲ 

‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟਰ ਖਾਤੇ ’ਤੇ ਲਿਖਿਆ, ‘‘ਪੰਜਾਬ ਦੇ ਸਕੂਲਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਚੰਨੀ ਸਾਬ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਸਭ ਤੋਂ ਚੰਗੇ ਹਨ। ਮਤਲਬ ਸਕੂਲਾਂ ਨੂੰ ਠੀਕ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਇਨ੍ਹਾਂ ਆਗੂਆਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਨੂੰ 70 ਸਾਲਾਂ ਤੋਂ ਖ਼ਰਾਬ ਤੇ ਬਦਤਰ ਹਾਲਤ ਵਿੱਚ ਰੱਖਿਆ ਹੋਇਆ ਹੈ। ਹੁਣ ਅਜਿਹਾ ਨਹੀਂ ਹੋਵੇਗਾ। ਚੰਨੀ ਸਾਬ, ਪੰਜਾਬ ਦੇ ਬੱਚਿਆਂ ਨੂੰ ਅਸੀਂ ਲੋਕ ਦਿੱਲੀ ਜਿਹੀ ਸ਼ਾਨਦਾਰ ਸਿੱਖਿਆ ਦੇਵਾਂਗੇ।’’