ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

ਹੁਣ ਵੋਟਰ ਕਾਰਡ ਬੀ.ਐੱਲ.ਓਜ਼ ਰਾਹੀਂ ਨਾ ਹੋ ਕੇ ਸਪੀਡ ਪੋਸਟ ਰਾਹੀਂ ਪਹੁੰਚੇਗਾ ਘਰ

ਐਸ.ਏ.ਐਸ ਨਗਰ 30 ਅਗਸਤ :- 

ਵੋਟਰ ਸੂਚੀ ਦੀ ਸਧਾਈ 2022 ਦੀ ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ
ਚੋਣ ਹਲਕਾ 53-ਐਸ.ਏ.ਐਸ ਨਗਰ ਦੇ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਾਲਾਈਜੇਸ਼ਨ ਸਬੰਧੀ ਚੋਣਕਾਰ
ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ, ਐਸ.ਏ.ਐਸ ਨਗਰ, ਸ਼੍ਰੀਮਤੀ ਸਰਬਜੀਤ ਕੌਰ
ਪੀ.ਸੀ.ਐਸ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਮਾਇੰਦਿਆ ਨਾਲ ਅੱਜ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਐਸ.ਏ.ਐਸ ਨਗਰ ਵੱਲੋਂ ਦੱਸਿਆ, ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਸਾਲ 2022 ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਇਸ ਮੀਟਿੰਗ ਵਿੱਚ ਉਹਨਾਂ ਵਲੋਂ ਰਾਜਨੀਤਿੱਕ ਪਾਰਟੀਆਂ ਦੇ ਨੁੰਮਾਂਦਿਆਂ ਨੂੰ ਦੱਸਿਆ ਗਿਆ ਕਿ ਪਹਿਲਾਂ ਵਿਧਾਨ ਸਭਾ ਚੋਣ ਹਲਕਾ 53 ਐਸ.ਏ.ਐਸ ਨਗਰ ਵਿੱਚ 268 ਪੋਲਿੰਗ ਸਟੇਸ਼ਨ ਸਨ। ਜਿਸ ਵਿੱਚ ਭਾਰਤ ਚੋਣ ਕਮਿਸ਼ਨ ਵਲੋਂ ਨਵੀਆਂ ਹਦਾਇਤਾਂ ਅਨੁਸਾਰ 1500 ਵੋਟਾਂ ਤੱਕ ਦੇ ਪੋਲਿੰਗ ਬੂਥ ਬਣਾਉਣ ਉਪਰੰਤ 19 ਬੂਥ ਘੱਟ ਕੇ 249 ਰਹਿ ਗਏ ਹਨ। ਇਸ ਸਬੰਧੀ ਰਾਜਨੀਤਿੱਕ ਪਾਰਟੀਆਂ ਵਲੋਂ ਸਹਿਮਤੀ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਲਈ ਮਿਤੀ 01.08.2022 ਤੋਂ ਮੁਹਿੰਮ ਚਲਾਈ ਗਈ ਹੈ। ਇਸ ਸਬੰਧੀ ਆਨਲਾਈਨ ਅਤੇ ਆਫਲਾਈਨ ਫਾਰਮ ਨੰ: 6 ਬੀ ਰਾਹੀਂ ਵੋਟਰ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕੀਤਾ ਜਾ ਸਕਦਾ ਹੈ। ਇਹ ਫਾਰਮ ਆਨਲਾਈਨ NVSP.in , Voter Helpline Mobile app ਰਾਹੀਂ ਵੀ ਭਰਿਆ ਜਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਮਿਤੀ 09.11.2022 ਤੋਂ ਮਿਤੀ 08.12.2022 ਤੱਕ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2023 ਨਾਲ ਸਬੰਧਤ ਦਾਅਵੇ ਅਤੇ ਇਤਰਾਜ (Claims and Objections) ਲਏ ਜਾਣੇ ਹਨ। ਹੁਣ ਵੋਟਾਂ ਸ਼ਿਫਟ ਕਰਾਉਣ ਲਈ ਫਾਰਮ ਨੰ: 8 ਹੀ ਭਰਿਆ ਜਾਵੇਗਾ। 8ਏ ਫਾਰਮ ਭਾਰਤ ਚੋਣ ਕਮਿਸ਼ਨ ਜੀ ਦੁਆਰਾ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ ਵਿੱਚ 4 ਵਾਰੀ ਰਿਵੀਜਨ ਕੀਤੀ ਜਾਵੇਗੀ ਜਿਹਨਾਂ ਦੀ ਯੋਗਤਾ ਮਿਤੀ 01.01.2023, 01.07.2023, 01.04.2023, 01.10.2023 ਹੋਵੇਗੀ। ਇਸ ਤੋਂ ਇਲਾਵਾਂ ਉਨ੍ਹਾਂ ਦੱਸਿਆ ਕਿ ਹੁਣ ਵੋਟਰ ਕਾਰਡਾਂ ਦੀ ਵੰਡ ਬੀ.ਐਲ.ਓਜ਼ ਰਾਹੀਂ ਨਾ ਹੋ ਕੇ ਸਪੀਡ ਪੋਸਟ ਰਾਹੀਂ ਕੀਤੀ ਜਾਵੇਗੀ ।