ਵਿਧਾਇਕ ਡਾ ਚਰਨਜੀਤ ਵੱਲੋਂ ਪਿੰਡ ਮਲਾਣਾ ਵਿਖੇ ਖੱਡਾਂ ਦੀ ਸ਼ੁਰੂਆਤ

ਹੁਣ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ ਰੇਤਾ
ਰੇਤੇ ਦੀ ਸਸਤੀਆਂ ਦਰਾਂ ਉਤੇ ਸਪਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਸ਼੍ਰੀ ਚਮਕੌਰ ਸਾਹਿਬ, 5 ਫਰਵਰੀ :-  ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ ਮਾਈਨਿੰਗ ਖੱਡ ਤੋਂ ਰੇਤੇ ਦੀਆਂ ਦਰਾਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕਰ ਦਿੱਤੀਆਂ ਹਨ। ਇਸ ਲੋਕ ਪੱਖੀ ਫੈਸਲੇ ਨਾਲ ਆਮ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਯਕੀਨੀ ਤੌਰ ਉੱਤੇ ਮਿਲੇਗਾ। ਅੱਜ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ
ਪਿੰਡ ਮਲਾਣਾ ਵਿਖੇ ਰੇਤ ਖੱਡ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਉਪਲਬਧ ਕਰਵਾਉਣ ਦਾ ਇਹ ਲੋਕ ਪੱਖੀ ਫੈਸਲਾ ਇਕ ਸ਼ਲਾਘਾ ਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਾਜਬ ਕੀਮਤ ਉੱਤੇ ਰੇਤਾ ਮੁਹੱਈਆ ਕਰਵਾਉਣ ਨਾਲ ਆਮ ਲੋਕਾਂ ਨੂੰ ਅਪਣਾ ਘਰ ਬਣਾਉਣ ਸਮੇਂ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਰਗ ਨੂੰ ਧਿਆਨ ਵਿਚ ਰੱਖ ਕੇ ਹੀ ਰੇਟ ਨਿਰਧਾਰਤ ਕੀਤਾ ਗਿਆ ਅਤੇ ਲੋਕ ਵੱਧ ਤੋਂ ਵੱਧ ਉਸਾਰੀ ਦਾ ਕੰਮ ਕਰਵਾ ਸਕਣਗੇ ਜਿਸ ਨਾਲ ਲੇਬਰ ਵਰਗ ਨੂੰ ਵੀ ਰੋਜਗਾਰ ਦੀ ਪ੍ਰਾਪਤੀ ਹੋਵੇਗੀ।
ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਅਤੇ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ  ਕਿ ਪਿਛਲੇ ਕਈ ਮਹੀਨਿਆਂ ਤੋਂ ਰੇਤ ਦੀਆਂ ਕੀਮਤਾਂ ’ਚ ਹੋਏ ਵਾਧੇ ਕਰਕੇ ਜਿਥੇ ਰੇਤ ਦੀ ਕਾਲਾ ਬਜਾਰੀ ਵਧ ਗਈ ਸੀ ਅਤੇ ਰੇਤੇ ਦੇ ਰੇਟ ਅਦਾ ਕਰਨੇ ਵੀ ਲੋਕਾਂ ਤੋਂ ਬਜਟ ਤੋਂ ਬਾਹਰ ਹੋ ਗਿਆ ਸੀ। ਹੁਣ ਰੇਤੇ ਦੇ ਘੱਟ ਰੇਟ ਹੋਣ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਜਿਲ੍ਹਾ ਰੂਪਨਗਰ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ 3 ਲੋਕ ਖੱਡਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਪਿੰਡ ਮੁਲਾਣਾ ਸਮੇਤ ਪਿੰਡ ਸੁਲਤਾਨਪੁਰ ਅਤੇ ਮਾਲੇਵਾਲ ਹਨ।  ਜਿਥੋਂ ਕੋਈ ਵੀ ਵਿਅਕਤੀ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਆਪਣੇ ਵਸੀਲਿਆਂ ਜ਼ਰੀਏ ਲਿਜਾ ਸਕਦਾ ਹੈ। ਉਸ ਨੂੰ ਉਥੇ ਬੈਠੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ 5.50 ਰੁਪਏ ਪ੍ਰਤੀ ਫੁੱਟ ਅਦਾ ਕਰਨੇ ਹੋਣਗੇ।
ਇਸ ਮੌਕੇ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਰੁਪਿੰਦਰ ਸਿੰਘ ਪਾਬਲਾ  ਤੋਂ ਇਲਾਵਾ ਅਧਿਕਾਰੀ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।