ਕਿਹਾ, ਕਿਸਾਨ ਗੰਨੇ ਦੀ ਵੱਧ ਤੋਂ ਵੱਧ ਕਾਸਤ ਕਰਕੇ ਆਪਣੀ ਆਮਦਨ ਵਿੱਚ ਕਰਨ ਵਾਧਾ
ਫਾਜ਼ਿਲਕਾ 16 ਦਸੰਬਰ 2022 :-
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਗੋਲਡੀ ਮੁਸਾਫਿਰ ਵੱਲੋਂ ਦੀ ਫਾਜਿ਼ਲਕਾ ਸਹਿਕਾਰੀ ਖੰਡ ਮਿਲਜ਼ ਲਿਮਿਟਡ ਫਾਜਿ਼ਲਕਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਿੱਲ ਪ੍ਰੰਬਧਕਾਂ ਅਤੇ ਮਿੱਲ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਮਿੱਲ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੀਆਂ ਬਕਾਇਆ ਰਹਿੰਦੀਆਂ ਤਨਖਾਹਾਂ ਦਾ ਕੇਸ ਮਾਣਯੋਗ ਮੁੱਖ ਮੰਤਰੀ,ਪੰਜਾਬ ਜੀ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਤੇ ਕਾਰਵਾਈ ਕਰਦੇ ਹੋਏ ਬਕਾਇਆ ਤਨਖਾਹਾਂ ਦੀ ਰਾਸ਼ੀ ਜਾਰੀ ਕਰਨ ਲਈ ਫਾਇਲ ਵਿੱਤ ਵਿਭਾਗ,ਪੰਜਾਬ ਨੂੰ ਭੇਜ ਦਿੱਤੀ ਗਈ ਹੈ ਅਤੇ ਇਹ ਰਾਸ਼ੀ ਜਲਦ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਜਾਵੇਗੀ। ਗੰਨਾ ਵਿਭਾਗ ਦੇ ਮੁੱਖੀ ਸ੍ਰੀ ਪ੍ਰਿਥੀ ਰਾਜ ਵੱਲੋਂ ਐਮ.ਐਲ.ਏ ਸਾਹਿਬਾਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜੇਕਰ ਪੰਜਾਬ ਸਰਕਾਰ ਗੰਨੇ ਦੀ ਅਦਾਇਗੀ ਨੂੰ ਸਮੇਂ ਸਿਰ ਕਰਨਾ ਸੁਨਿਸ਼ਚਿਤ ਕਰ ਦੇਵੇ ਤਾਂ ਮਿੱਲ ਦੇ ਖੇਤਰੀ ਏਰੀਏ ਦੇ ਕਿਸਾਨ ਮਿੱਲ ਦੀ ਪਿੜਾਈ ਸਮੱਰਥਾ ਤੋਂ ਵੀ ਕਈ ਗੁਣਾ ਗੰਨਾ ਵੱਧ ਸਪਲਾਈ ਕਰ ਸਕਦੇ ਹਨ।
ਵਿਧਾਇਕਾਂ ਨੇ ਮਿੱਲ ਪ੍ਰਬੰਧਕਾਂ ਅਤੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਦੀ ਬੇਹਤਰੀ ਵਾਸਤੇ ਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਿੱਲ ਦੀ ਬੇਹਤਰੀ ਲਈ ਪੀੜ੍ਹਣ ਸਮੱਰਥਾ ਵਧਾਉਣ ,ਈਥਾਨੋਲ ਪਲਾਂਟ ਲਗਾਉਣ ਅਤੇ ਲੱਗੇ ਹੋਏ ਕੋ—ਜਨਰੇਸ਼ਨ ਪਲਾਂਟ ਨੂੰ ਸ਼ੁਰੂ ਕਰਵਾਉਣ ਲਈ ਵਚਨਬੱਧ ਹਾਂ। ਇਸ ਦੌਰਾਨ ਮਿੱਲ ਕਰਮਚਾਰੀਆਂ ਵੱਲੋਂ ਐਮ.ਐਲ.ਏ ਸਾਹਿਬਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਉਨ੍ਹਾਂ ਮਿੱਲ ਪ੍ਰਬੰਧਕਾਂ ਨੂੰ ਕਿਹਾ ਕਿ ਫਾਜਿ਼ਲਕਾ, ਜਲਾਲਾਬਾਦ,ਬਲੂਆਣਾ ਅਤੇ ਅਬੋਹਰ ਵਿਧਾਨ ਸਭਾ ਹਲਕਿਆਂ ਦੇ ਕਿਸਾਨਾਂ ਦਾ ਇਕ ਸੈਮੀਨਾਰ ਮਿੱਲ ਵਿਖੇ ਕਰਵਾਇਆ ਜਾਵੇ ਤਾਂ ਜੋ ਕਿਸਾਨ ਵੱਧ ਤੋਂ ਵੱਧ ਗੰਨੇ ਦੀ ਕਾਸਤ ਕਰਨ ਲਈ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਵੱਧ ਤੋਂ ਵੱਧ ਗੰਨੇ ਦੀ ਫਸਲ ਦੀ ਬਿਜਾਈ ਕਰਨ ਤਾਂ ਜੋ ਮਿੱਲ ਗੰਨੇ ਪੱਖੋਂ ਆਪਣੇ ਪੈਰਾਂ ਤੇ ਖੜ੍ਹੀ ਹੋ ਸਕੇ। ਉਨ੍ਹਾਂ ਕਿਹਾ ਕਿ ਝੋਨੇ ਕਣਕ ਦੇ ਫਸਲੀ ਚੱਕਰ ਨਿਕਲ ਕੇ ਸਾਨੂੰ ਗੰਨੇ ਦੀ ਕਾਸਤ ਕਰਨੀ ਚਾਹੀਦੀ ਹੈ ਕਿਉਂਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਸਾੜਣ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਝੋਨੇ ਦੀ ਕਾਸ਼ਤ ਨਾਲ ਜਮੀਨ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਗੰਨੇ ਦੀ ਖੇਤੀ ਵੱਲ ਜ਼ਿਆਦਾ ਧਿਆਨ ਦੇਣਾ ਅਜੋਕੇ ਸਮੇਂ ਦੀ ਲੋੜ ਹੈ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਏ.ਕੇ.ਤਿਵਾੜੀ, ਸ੍ਰੀ ਮਲਕੀਅਤ ਸਿੰਘ, ਮੁੱਖ ਇੰਜਨੀਅਰ, ਸ੍ਰੀ ਅਸ਼ੋਕ ਬੱਬਰ, ਮੁੱਖ ਲੇਖਾ ਅਫਸਰ ਸਮੇਤ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।

English






