– ਸਾਈਕਲ ਰੈਲੀ ਨਸ਼ਾ ਵਿਰੋਧੀ ਮੁਹਿੰਮ ਨੂੰ ਜਨ ਅੰਦੋਲਨ ਵਿੱਚ ਤਬਦੀਲ ਕਰਨ ਲਈ ਉਤਪ੍ਰੇਰਕ ਸਿੱਧ ਹੋਵੇਗੀ
– ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਣ ਵਾਲੀ ਰੈਲੀ, 13 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸੇ ਥਾਂ ‘ਤੇ ਹੋਵੇਗੀ ਸਮਾਪਤ
ਲੁਧਿਆਣਾ, 9 ਨਵੰਬਰ:
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ, ਦਲਜੀਤ ਸਿੰਘ ਗਰੇਵਾਲ ਅਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਲਈ ਟੀ-ਸ਼ਰਟ ਜਾਰੀ ਕੀਤੀ।
ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਾਈਕਲ ਰੈਲੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਇੱਕ ਉਤਪ੍ਰੇਰਕ ਬਣੇਗੀ ਜਿਸ ਵਿੱਚ ਹਜ਼ਾਰਾਂ ਨੌਜਵਾਨ ਇਸ ਅਲਾਮਤ ਵਿਰੁੱਧ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਭਾਗ ਲੈਣਗੇ।
ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਸਾਈਕਲ ਰੈਲੀ ਵਿਸ਼ਵ ਪੱਧਰ ‘ਤੇ ਸਾਈਕਲ ਹੱਬ ਵਜੋਂ ਜਾਣੇ ਜਾਂਦੇ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ।
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੈਗਾ ਸਾਈਕਲ ਰੈਲੀ ਦਾ ਸਲੋਗਨ ‘ਨਸ਼ਈ ਕਿਸੇ ਨੂੰ ਕਹਿਣ ਨਹੀਂ ਦੇਣਾ, ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ’ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਈਕਲ ਰੈਲੀ 16 ਨਵੰਬਰ ਭਾਵ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਇਹ ਰੈਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਵੇਗੀ ਅਤੇ 13 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸੇ ਥਾਂ ‘ਤੇ ਸਮਾਪਤ ਹੋਵੇਗੀ।
ਇਸ ਦੌਰਾਨ ਵਿਧਾਇਕਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਵਿੱਚ ਇਸ ਮੈਗਾ ਸਮਾਗਮ ਦਾ ਆਯੋਜਨ ਕਰਨ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

English






