ਵੱਖ-ਵੱਖ ਟੀਮਾਂ ਨੇ ਚਾਰ ਮਾਈਨਿੰਗ ਅਤੇ ਡੀਸਿਲਟਿੰਗ ਸਾਈਟਾਂ ‘ਤੇ ਕੀਤੀ ਜਾਂਚ
ਮੋਹਾਲੀ, 1 ਨਵੰਬਰ 2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਜ਼ਿਲ੍ਹੇ ਦੀਆਂ ਵੱਖ-ਵੱਖ ਮਾਈਨਿੰਗ ਸਾਈਟਾਂ ‘ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਿਸ਼ੇਸ਼ ਛਾਪਾਮਾਰੀ ਮੁਹਿੰਮ ਚਲਾਈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ‘ਮਿਸ਼ਨ ਕਲੀਨ’ ਦਾ ਐਲਾਨ ਕਰਦਿਆਂ ਹਦਾਇਤ ਕੀਤੀ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਅੱਜ ਜ਼ਿਲ੍ਹੇ ਦੇ ਮਾਈਨਿੰਗ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਦੀਆਂ ਚਾਰ ਮਾਈਨਿੰਗ ਸਾਈਟਾਂ ਜਿਨ੍ਹਾਂ ਵਿੱਚ ਮਿਰਜ਼ਾਪੁਰ, ਕਕਰਾਲਾ, ਭਾਂਖਰਪੁਰ ਅਤੇ ਸਾਰੰਗਪੁਰ ਮਾਈਨਿੰਗ ਅਤੇ ਡੀਸਿਲਟਿੰਗ ਸਾਈਟਾਂ ਸ਼ਾਮਲ ਹਨ, ਦੀ ਚੈਕਿੰਗ ਲਈ ਮੁਹਿੰਮ ਚਲਾਈ ਗਈ।
ਸ਼੍ਰੀਮਤੀ ਕਾਲੀਆ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਮਾਈਨਿੰਗ ਵਾਲੀ ਥਾਂ ਤੋਂ ਰੇਤਾ ਲੈਣ ਸਮੇਂ ਰੇਤ ਦੇ ਰੇਟ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਰਧਾਰਤ ਦਰਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਅੱਜ ਚਾਰ ਮਾਈਨਿੰਗ ਸਾਈਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਨ੍ਹਾਂ ਕੋਲ ਗੈਰ-ਕਾਨੂੰਨੀ ਮਾਈਨਿੰਗ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ ਅਤੇ ਆਪਣੀ ਸ਼ਿਕਾਇਤ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਦਰਜ ਕਰਵਾਉਣ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇ ਕੋਈ ਰੇਤ ਦੀ ਮਾਈਨਿੰਗ ਅਤੇ ਮਹਿੰਗੇ ਭਾਅ ‘ਤੇ ਵੇਚਣ ਦਾ ਧੰਦਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਲੋਕਾਂ ਤੋਂ ਵੱਧ ਵਸੂਲੀ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਕੀਮਤ ‘ਤੇ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਟੀਮਾਂ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ, ਉਨ੍ਹਾਂ ਵਿੱਚ ਕਾਰਜਕਾਰੀ ਇੰਜਨੀਅਰ ਮਾਈਨਿੰਗ ਸਰਬਜੀਤ ਸਿੰਘ ਗਿੱਲ, ਜੇ.ਈ. ਸਬ ਡਿਵੀਜ਼ਨ ਮੋਹਾਲੀ ਦਵਿੰਦਰ ਸਿੰਘ ਅਤੇ ਐਸ.ਡੀ.ਓ ਡੇਰਾਬਸੀ ਨਵੀਨ ਗਰਗ ਸ਼ਾਮਲ ਹਨ।

English






